ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਭੱਦਲ ਦੇ ਵਿਦਿਆਰਥੀਆਂ ਵਲੋਂ ਆਲਰਾਈਟ ਫਾਰਮਾਸਿਊਟੀਕਲ ਬੱਦੀ ਦਾ ਉਦਯੋਗਿਕ ਦੌਰਾ
ਪੁਰਖਾਲੀ, 29 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)- ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਭੱਦਲ ਵਲੋਂ ਫਾਰਮੇਸੀ ਦੇ ਵਿਦਿਆਰਥੀਆਂ ਨੂੰ ਦਵਾਈਆਂ ਦੇ ਨਿਰਮਾਣ ਨਾਲ ਸਬੰਧਿਤ ਵਿਹਾਰਕ ਜਾਣਕਾਰੀ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਉਦਯੋਗਿਕ ਸਮਝ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਆਲਰਾਈਟ ਫਾਰਮਾਸਿਊਟੀਕਲ ਬੱਦੀ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ। ਇਸ ਮੌਕੇ ਡਾ.
ਪੁਰਖਾਲੀ, 29 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)- ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਭੱਦਲ ਵਲੋਂ ਫਾਰਮੇਸੀ ਦੇ ਵਿਦਿਆਰਥੀਆਂ ਨੂੰ ਦਵਾਈਆਂ ਦੇ ਨਿਰਮਾਣ ਨਾਲ ਸਬੰਧਿਤ ਵਿਹਾਰਕ ਜਾਣਕਾਰੀ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਉਦਯੋਗਿਕ ਸਮਝ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਆਲਰਾਈਟ ਫਾਰਮਾਸਿਊਟੀਕਲ ਬੱਦੀ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ। ਇਸ ਮੌਕੇ ਡਾ. ਐਸ. ਐਸ. ਬਿੰਦਰਾ ਡਾਇਰੈਕਟਰ ਕੈਂਪਸ ਨੇ ਕਿਹਾ ਕਿ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਵਿਹਾਰਕ ਗਿਆਨ, ਤਕਨੀਕੀ ਹੁਨਰ ਅਤੇ ਪੇਸ਼ੇਵਾਰ ਯੋਗਤਾ ਪ੍ਰਦਾਨ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਡਾ. ਗੁਰਪ੍ਰੀਤ ਸਿੰਘ, ਗਰੁੱਪ ਡਾਇਰੈਕਟਰ (ਅਕਾਦਮਿਕ) ਨੇ ਕਿਹਾ ਕਿ ਉਦਯੋਗਿਕ ਦੌਰਿਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਨਾਲ ਸਬੰਧਿਤ ਗਿਆਨ ਨੂੰ ਅਮਲੀ ਰੂਪ ਵਿਚ ਸਮਝਣ, ਨਵੀਆਂ ਤਕਨੀਕਾਂ ਬਾਰੇ ਜਾਣਨ ਅਤੇ ਉਦਯੋਗ ਦੀਆਂ ਲੋੜਾਂ ਅਨੁਸਾਰ ਆਪਣੇ ਹੁਨਰ ਵਿਕਸਿਤ ਕਰਨ ਦਾ ਮੌਕਾ ਮਿਲਦਾ ਹੈ। ਇਸ ਉਦਯੋਗਿਕ ਦੌਰੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਦੇ ਪ੍ਰਿੰਸੀਪਲ, ਡਾ. ਨਦੀਮ ਖ਼ਾਨ ਨੇ ਦੱਸਿਆ ਕਿ ਇਸ ਦੌਰੇ ਦਾ ਮੁੱਖ ਉਦੇਸ਼ ਕਲਾਸ-ਰੂਮ ਵਿਚ ਪ੍ਰਾਪਤ ਸਿਧਾਂਤਕ ਗਿਆਨ ਅਤੇ ਉਦਯੋਗਿਕ ਖੇਤਰ ਵਿਚ ਉਸ ਦੀ ਵਿਹਾਰਕ ਵਰਤੋਂ ਵਿਚਕਾਰਲੇ ਪਾੜੇ ਨੂੰ ਘਟਾਉਣਾ ਸੀ, ਤਾਂ ਜੋ ਵਿਦਿਆਰਥੀ ਦਵਾਈਆਂ ਦੇ ਨਿਰਮਾਣ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਨੂੰ ਨੇੜਿਓਂ ਸਮਝ ਸਕਣ। ਦੌਰੇ ਦੌਰਾਨ ਵਿਦਿਆਰਥੀਆਂ ਨੇ ਦਵਾਈਆਂ ਦੇ ਉਤਪਾਦਨ, ਗੁਣਵੱਤਾ ਨਿਯੰਤਰਨ, ਗੁਣਵੱਤਾ ਭਰੋਸਾ ਅਤੇ ਪੈਕਿੰਗ ਵਰਗੀਆਂ ਮਹੱਤਵਪੂਰਨ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਗੁਣਵੱਤਾ ਦੇ ਮਾਪਦੰਡਾਂ, ਸੁਰੱਖਿਆ ਨਿਯਮਾਂ ਅਤੇ ਸੰਬੰਧਿਤ ਰੈਗੂਲੇਟਰੀ ਹਦਾਇਤਾਂ ਦੀ ਪਾਲਣਾ ਦੀ ਮਹੱਤਤਾ ਬਾਰੇ ਵੀ ਜਾਣੂੰ ਕਰਵਾਇਆ ਗਿਆ। ਸੰਸਥਾ ਵਲੋਂ ਇਸ ਉਦਯੋਗਿਕ ਦੌਰੇ ਦੇ ਸਫਲ ਆਯੋਜਨ ਅਤੇ ਵਿਦਿਆਰਥੀਆਂ ਨੂੰ ਕੀਮਤੀ ਉਦਯੋਗਿਕ ਤਜਰਬਾ ਪ੍ਰਦਾਨ ਕਰਨ ਲਈ ਆਲਰਾਈਟ ਫਾਰਮਾਸਿਊਟੀਕਲ, ਬੱਦੀ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਭਿਨਵ ਸੈਣੀ, ਸੋਨੀਕਾ ਰਤਨ ਤੇ ਸ਼ਰਦ ਆਦਿ ਹਾਜ਼ਰ ਸਨ।