25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਵਿਧਾਨ ਸਭਾ ਚੋਣਾਂ 2027: ਹਲਕਾ ਘਨੌਰ ’ਚ ਸਿਆਸੀ ਪਾਰਾ ਸਿਖ਼ਰਾਂ ’ਤੇ

ਘਨੌਰ, 24 ਸਤੰਬਰ (ਸਰਦਾਰਾ ਸਿੰਘ ਲਾਛੜੂ)- ਜਿਵੇਂ-ਜਿਵੇਂ ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ ਹੀ ਸੂਬੇ ਭਰ ਵਿਚ ਸਿਆਸੀ ਪਾਰਾ ਲਗਾਤਾਰ ਚੜ੍ਹਦਾ ਨਜ਼ਰ ਆ ਰਿਹਾ ਹੈ। ਵਿਧਾਨ ਸਭਾ ਹਲਕਾ ਘਨੌਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੱਖ-ਵੱਖ ਪਾਰਟੀਆਂ ਅੰਦਰ ਟਿਕਟ ਹਾਸਲ ਕਰਨ ਲਈ ਅੰਦਰੂਨੀ ਜ਼ੋਰ-ਅਜ਼ਮਾਇਸ਼ ਹੁਣੇ ਤੋਂ ਸਿਖ਼ਰਾਂ ’ਤੇ ਪਹੁੰਚ ਚੁੱਕੀ ਹੈ।

ਅਜੀਤ ਡੈਸਕ 25-09-2026
ਘਨੌਰ, 24 ਸਤੰਬਰ (ਸਰਦਾਰਾ ਸਿੰਘ ਲਾਛੜੂ)- ਜਿਵੇਂ-ਜਿਵੇਂ ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ ਹੀ ਸੂਬੇ ਭਰ ਵਿਚ ਸਿਆਸੀ ਪਾਰਾ ਲਗਾਤਾਰ ਚੜ੍ਹਦਾ ਨਜ਼ਰ ਆ ਰਿਹਾ ਹੈ। ਵਿਧਾਨ ਸਭਾ ਹਲਕਾ ਘਨੌਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੱਖ-ਵੱਖ ਪਾਰਟੀਆਂ ਅੰਦਰ ਟਿਕਟ ਹਾਸਲ ਕਰਨ ਲਈ ਅੰਦਰੂਨੀ ਜ਼ੋਰ-ਅਜ਼ਮਾਇਸ਼ ਹੁਣੇ ਤੋਂ ਸਿਖ਼ਰਾਂ ’ਤੇ ਪਹੁੰਚ ਚੁੱਕੀ ਹੈ। ਚੋਣ ਸਰਗਰਮੀਆਂ ਦਾ ਆਲਮ ਇਹ ਹੈ ਕਿ ਹਲਕਾ ਘਨੌਰ ਵਿਚ ਸ਼ਾਇਦ ਹੀ ਕੋਈ ਅਜਿਹਾ ਚੌਂਕ ਜਾਂ ਦੀਵਾਰ ਬਚੀ ਹੋਵੇਗੀ ਜਿੱਥੋਂ ਉਮੀਦਵਾਰ ਆਪਣਾ ਪ੍ਰਚਾਰ ਨਾ ਕਰਦੇ ਹੋਣ। ਘਨੌਰ ਦੇ ਮੁੱਖ ਬੱਸ ਸਟੈਂਡ ਤੋਂ ਲੈ ਕੇ ਆਸ-ਪਾਸ ਦੀਆਂ ਸੜਕਾਂ ਕਿਨਾਰੇ ਲੱਗੇ ਬਿਜਲੀ ਦੇ ਖੰਭਿਆਂ ਤੱਕ, ਹਰ ਥਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਦਾਅਵੇਦਾਰਾਂ ਵਲੋਂ ਆਪਣੇ-ਆਪਣੇ ਰੰਗ-ਬਿਰੰਗੇ ਪੋਸਟਰ ਤੇ ਫਲੈਕਸ ਬੋਰਡ ਚਿਪਕਾ ਕੇ ਸ਼ਕਤੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਜੇਕਰ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇੱਥੇ ਟਿਕਟ ਦੇ ਚਾਹਵਾਨਾਂ ਦੀ ਸਭ ਤੋਂ ਲੰਮੀ ਕਤਾਰ ਦਿਖਾਈ ਦੇ ਰਹੀ ਹੈ, ਜਿੱਥੇ ਇੱਕ ਦਰਜਨ ਦੇ ਕਰੀਬ ਉਮੀਦਵਾਰ ਆਪੋ-ਆਪਣੇ ਦਾਅਵੇ ਠੋਕ ਰਹੇ ਹਨ। ‘ਆਪ’ ਵਲੋਂ ਟਿਕਟ ਦੀ ਦੌੜ ਵਿੱਚ ਮੁੱਖ ਤੌਰ ’ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ, ਮੌਜੂਦਾ ਵਿਧਾਇਕ ਗੁਰਲਾਲ ਸਿੰਘ ਘਨੌਰ, ਚੇਅਰਮੈਨ ਇੰਦਰਜੀਤ ਸਿੰਘ ਸਿਆਲੂ, ਪੀ.ਆਰ.ਟੀ.ਸੀ. ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ, ਕਬੱਡੀ ਪ੍ਰਮੋਟਰ ਦਲਵੀਰ ਸਿੰਘ ਯੂ.ਕੇ., ਯੂਥ ਆਗੂ ਹੈਰੀ ਮੁਖਮੈਲਪੁਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਨਿੰਦਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਜਪਾਲ ਸਿੰਘ ਲਾਡਾ ਅਤੇ ਪਾਰਟੀ ਦੀ ਸੀਨੀਅਰ ਆਗੂ ਬਲਵਿੰਦਰ ਕੌਰ ਸੇਹਰਾ ਸਮੇਤ ਕਈ ਹੋਰ ਸਥਾਨਕ ਚਿਹਰੇ ਪ੍ਰਮੁੱਖਤਾ ਨਾਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦੂਜੇ ਪਾਸੇ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਅੰਦਰ ਵੀ ਟਿਕਟ ਦੀ ਹੋੜ ਘੱਟ ਨਹੀਂ ਹੈ। ਕਾਂਗਰਸ ਦੀ ਤਰਫ਼ੋਂ ਦਾਅਵੇਦਾਰਾਂ ਵਿਚ ਐਡਵੋਕੇਟ ਕਰਮਜੀਤ ਸਿੰਘ ਚੌਧਰੀ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਗਗਨਦੀਪ ਸਿੰਘ ਜੌਲੀ ਜਲਾਲਪੁਰ, ਹਰਦੀਪ ਸਿੰਘ ਲਾਡਾ, ਗੁਰਪ੍ਰੀਤ ਸਿੰਘ ਸੰਧੂ ਨਰੜੂ ਅਤੇ ਹਰਿੰਦਰ ਵਿਰਕ ਵਰਗੇ ਕਈ ਤਕੜੇ ਕਾਂਗਰਸੀ ਆਗੂ ਮੈਦਾਨ ਵਿੱਚ ਉਤਰ ਕੇ ਪਾਰਟੀ ਹਾ ਈਕਮਾਨ ਕੋਲ ਪਹੁੰਚ ਬਣਾ ਰਹੇ ਹਨ।ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਵਿਚੋਂ ਸਾਲ 2022 ਦੇ ਵਿਧਾਨ ਸਭਾ ਉਮੀਦਵਾਰ ਰਹੇ ਸੀਨੀਅਰ ਆਗੂ ਵਿਕਾਸ ਸ਼ਰਮਾ ਤੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗੰਗਰੋਲੀ,ਰਾਮ ਕੁਮਾਰ ਤੇਪਲਾ , ਅਤੇ ਘਨੌਰ ਤੋਂ ਸਮਾਜ ਸੇਵੀ ਗੌਤਮ ਸੂਦ ਦਰਮਿਆਨ ਟਿਕਟ ਦੀ ਦੌੜ ਲੱਗੀ ਹੋਈ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਵਾਰਿਸ ਪੰਜਾਬ ਧਿਰ ਵਲੋਂ ਗੁਰਦੀਪ ਸਿੰਘ ਮਰਦਾਪੁਰ, ਗੁਰਸੇਵਕ ਸਿੰਘ ਅੰਟਾਲ ਤੇ ਗੁਰਮੋਹਨ ਸਿੰਘ ਮੰਡੋਲੀ, ਦਮਦਮੀ ਟਕਸਾਲ ਦੇ ਮੁਖੀ ਬਰਜਿੰਦਰ ਸਿੰਘ ਪਰਵਾਨਾ ਦੇ ਨਾਂ ਵੀ ਇਸ ਸਮੇਂ ਸਿਆਸੀ ਪਿੜ ਵਿਚ ਪੂਰੇ ਜ਼ੋਰ-ਸ਼ੋਰ ਨਾਲ ਉੱਭਰ ਰਹੇ ਹਨ। ਜਦੋਂ ਹਲਕਾ ਘਨੌਰ ਦੇ ਸਿਆਸੀ ਸਮੀਕਰਨਾਂ ਦੀ ਡੂੰਘੀ ਸਮਝ ਰੱਖਣ ਵਾਲੇ ਜਾਗਰੂਕ ਅਤੇ ਹਲਕੇ ਦੇ ਭਲੇ ਲਈ ਚਿੰਤਿਤ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਖ਼ੁਲਾਸਾ ਕੀਤਾ ਕਿ ਵੱਖ-ਵੱਖ ਪਾਰਟੀਆਂ ਵਿੱਚ ਟਿਕਟਾਂ ਦੀ ਇਹ ਅੰਨ੍ਹੀ ਦੌੜ ਸਿਰਫ਼ ਲੋਕ ਸੇਵਾ ਖ਼ਾਤਰ ਨਹੀਂ ਹੈ। ਹਲਕੇ ਦੇ ਸੁਚੇਤ ਲੋਕਾਂ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਇਸ ਵਾਰ ਵੋਟਰ ਪਾਰਟੀਆਂ ਵੱਲੋਂ ਦਿੱਤੇ ਜਾਂਦੇ ਕਿਸੇ ਵੀ ਲਾਲਚ ਜਾਂ ਭਰਮਾਊ ਵਾਅਦਿਆਂ ਦੇ ਜਾਲ ਵਿੱਚ ਨਹੀਂ ਆਉਣਗੇ, ਸਗੋਂ ਹਲਕੇ ਦੇ ਆਪਣੇ ਜੰਮਪਲ, ਜ਼ਮੀਨੀ ਪੱਧਰ ’ਤੇ ਵਿਚਰਨ ਵਾਲੇ ਅਤੇ ਘਨੌਰ ਦੀ ਬਿਹਤਰੀ ਲਈ ਸੱਚੀ ਚਿੰਤਾ ਰੱਖਣ ਵਾਲੇ ਸੁਹਿਰਦ ਨੁਮਾਇੰਦੇ ਨੂੰ ਹੀ ਪੰਜਾਬ ਵਿਧਾਨ ਸਭਾ ਵਿਚ ਭੇਜਣ ਨੂੰ ਤਰਜੀਹ ਦੇਣਗੇ।
ਪਿਛਲੀ ਖ਼ਬਰ ਬਬਲੀ ਦੇਵੀ ਖਾਣਪੁਰ ਬੜਿੰਗ ਬਣੀ ਘਨੌਰ ਵਿਧਾਨ ਸਭਾ ਹਲਕਾ ਇਸਤਰੀ ਵਿੰਗ ਦੀ ਪ੍ਰਧਾਨ ਅਗਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਵਲੋਂ ਮੰਤਰੀਆਂ ਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਗਰੁੱਪ ਆਫ਼ ਮਿਨਿਸਟਰਜ਼ ਨਾਲ ਤਾਲਮੇਲ ਮੀਟਿੰਗ ’ਚ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।