ਰਾਜਪੁਰਾ, 22 ਸਤੰਬਰ (ਜੀ.ਪੀ. ਸਿੰਘ)- ਥਾਣਾ ਸਦਰ ਦੀ ਪੁਲਿਸ ਨੇ ਰਾਜਪੁਰਾ-ਸਰਹਿੰਦ ਕੌਮੀ ਸ਼ਾਹ ਮਾਰਗ ਨੰਬਰ-44 ’ਤੇ ਨਾਕਾਬੰਦੀ ਦੌਰਾਨ ਦੋ ਨਸ਼ਾ ਤਸਕਰਾਂ ਨੂੰ 2 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਦੇ ਮੁੱਖ ਅਫ਼ਸਰ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਹੰਸ, ਪੁਲਿਸ ਕਪਤਾਨ ਬਿਕਰਮਜੀਤ ਸਿੰਘ ਬਰਾੜ ਅਤੇ ਡੀ. ਐੱਸ. ਪੀ. ਮਨਜੀਤ ਸਿੰਘ ਦੇ ਨਿਰਦੇਸ਼ਾਂ ਤੇ ਨਸ਼ਿਆਂ ਖ਼ਿਲਾਫ਼ ਚਲਾਈ ਕਾਸੋ ਆਪਰੇਸ਼ਨ ਤਹਿਤ ਥਾਣੇਦਾਰ ਦਵਿੰਦਰ ਸਿੰਘ ਨੇ ਕੌਮੀ ਸ਼ਾਹ ਮਾਰਗ ਨੰਬਰ 44 ’ਤੇ ਜਸ਼ਨ ਹੋਟਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ । ਇਸ ਦੌਰਾਨ ਸਰਹਿੰਦ ਵੱਲ ਸੜਕ ਦੀ ਖੱਬੇ ਪਾਸੇ ਬੈਗ ਚੁੱਕ ਕੇ ਜਾ ਰਹੇ ਦੋ ਵਿਅਕਤੀ ਦਿਖਾਈ ਦਿੱਤੇ। ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ ’ਤੇ ਦੋਵੇਂ ਵਿਅਕਤੀ ਪਿੱਛੇ ਮੁੜ ਕੇ ਖ਼ਿਸਕਣ ਦੀ ਕੋਸ਼ਿਸ਼ ਕਰਨ ਲੱਗੇ। ਜਿਨ੍ਹਾਂ ਨੂੰ ਥਾਣੇਦਾਰ ਦਵਿੰਦਰ ਸਿੰਘ ਤੇ ਪੁਲਿਸ ਪਾਰਟੀ ਨੇ ਭੱਜ ਕੇ ਕਾਬੂ ਕੀਤਾ। ਪੁਲਿਸ ਪਾਰਟੀ ਨੇ ਜਦੋਂ ਉਨ੍ਹਾਂ ਦੇ ਬੈਗਾਂ ਦੀ ਤਲਾਸ਼ੀ ਕੀਤੀ ਤਾਂ ਦੋਵੇਂ ਦੇ ਬੈਗਾਂ ਵਿੱਚੋਂ ਇਕ-ਇਕ ਕਿੱਲੋ ਕੁਲ ਦੋ ਕਿੱਲੋ ਅਫ਼ੀਮ ਬਰਾਮਦ ਹੋਈ। ਪੁਲਿਸ ਵਲੋਂ ਮੁੱਢਲੀ ਪੁੱਛਗਿੱਛ ਦੋਰਾਨ ਉਕਤ ਨੇ ਆਪਣੀ ਪਹਿਚਾਣ ਹਰੀਚੰਦ ਰਾਏ ਪੁੱਤਰ ਮੋਹਿਤ ਰਾਏ ਵਾਸੀ ਹਨੂੰਮਾਨ ਨਗਰ ਤਤੋਰੀਆ ਪੱਛਮੀ ਚੰਪਾਰਨ ਰਾਜੇਪੁਰ ਬਿਹਾਰ ਅਤੇ ਰਾਜ ਕੁਮਾਰ ਯਾਦਵ ਪੁੱਤਰ ਰਾਮੇਸ਼ਵਰ ਰਾਏ ਵਾਸੀ ਮਧੁਆਹਾ ਬਿਰਤ ਪੱਛਮੀ ਚੰਪਾਰਨ ਬਿਹਾਰ ਵੱਜੋਂ ਦੱਸੀ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਹ ਕਿੱਥੋਂ ਅਫ਼ੀਮ ਲਿਆਏ ਅਤੇ ਕਿਸ ਨੂੰ ਸਪਲਾਈ ਕਰਨੀ ਸੀ ਸੰਬੰਧੀ ਜਾਣਕਾਰੀ ਹਾਸਲ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।