ਕਿਸਾਨੀ ਹੱਕਾਂ ਲਈ 1 ਸਤੰਬਰ ਨੂੰ ਚੰਡੀਗੜ੍ਹ ਪਹੁੰਚਣਗੇ ਲੱਖਾਂ ਕਿਸਾਨ
ਅਹਿਮ ਕਿਸਾਨੀ ਮੰਗਾਂ ਨੂੰ ਲੈ ਕੇ ਐੱਸ.ਕੇ.ਐੱਮ. ਵਲੋਂ ਲਗਾਇਆ ਜਾਵੇਗਾ ਵਿਸ਼ਾਲ ਧਰਨਾ : ਬੂਟਾ ਸਿੰਘ ਸ਼ਾਦੀਪੁਰ
ਸਮਾਣਾ, 13 ਅਗਸਤ (ਪ੍ਰੀਤਮ ਸਿੰਘ ਨਾਗੀ)- ਕਿਸਾਨੀ ਨਾਲ ਸੰਬੰਧਿਤ ਅਹਿਮ ਮੁੱਦਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਇਕ ਵਿਸ਼ੇਸ਼ ਮੀਟਿੰਗ ਸਮਾਣਾ ਵਿਖੇ ਯੂਨੀਅਨ ਦੇ ਆਗੂ ਗੁਰਲਾਲ ਸਿੰਘ ਖੇੜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕਿਸਾਨਾਂ ਦੀਆਂ ਮੌਜੂਦਾ ਸਮੱਸਿਆਵਾਂ, ਜ਼ਮੀਨ, ਪਾਣੀ, ਫ਼ਸਲਾਂ ਦੇ ਭਾਅ ਅਤੇ ਖੇਤੀਬਾੜੀ ਨਾਲ ਜੁੜੇ ਹੋਰ ਅਹਿਮ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮ
ਮੀਟਿੰਗ ਕਰਦੇ ਹੋਏ ਕਿਸਾਨ ਆਗੂ। ਅਜੀਤ ਤਸਵੀਰ
14-08-2026
ਸਮਾਣਾ, 13 ਅਗਸਤ (ਪ੍ਰੀਤਮ ਸਿੰਘ ਨਾਗੀ)- ਕਿਸਾਨੀ ਨਾਲ ਸੰਬੰਧਿਤ ਅਹਿਮ ਮੁੱਦਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਇਕ ਵਿਸ਼ੇਸ਼ ਮੀਟਿੰਗ ਸਮਾਣਾ ਵਿਖੇ ਯੂਨੀਅਨ ਦੇ ਆਗੂ ਗੁਰਲਾਲ ਸਿੰਘ ਖੇੜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕਿਸਾਨਾਂ ਦੀਆਂ ਮੌਜੂਦਾ ਸਮੱਸਿਆਵਾਂ, ਜ਼ਮੀਨ, ਪਾਣੀ, ਫ਼ਸਲਾਂ ਦੇ ਭਾਅ ਅਤੇ ਖੇਤੀਬਾੜੀ ਨਾਲ ਜੁੜੇ ਹੋਰ ਅਹਿਮ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਅਤੇ ਐੱਸ.ਕੇ.ਐੱਮ. ਆਗੂ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਕਿਸਾਨੀ ਦੇ ਅਹਿਮ ਮਸਲਿਆਂ ਨੂੰ ਲੈ ਕੇ 1 ਸਤੰਬਰ ਤੋਂ ਐੱਸ.ਕੇ.ਐੱਮ. ਵਲੋਂ ਚੰਡੀਗੜ੍ਹ ਵਿਖੇ ਵਿਸ਼ਾਲ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬ ਸਮੇਤ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਕਿਸਾਨ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਨਹੀਂ ਬਣਾਈ ਗਈ, ਇਸ ਲਈ ਇਸ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਉਨ੍ਹਾਂ ਦੇ ਭਵਿੱਖ ਨਾਲ ਜੁੜੇ ਫ਼ੈਸਲੇ ਕਿਸਾਨਾਂ ਦੀ ਸਹਿਮਤੀ ਅਤੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਹੀ ਕੀਤੇ ਜਾਣੇ ਚਾਹੀਦੇ ਹਨ। ਪੰਜਾਬ ਦੇ ਪਾਣੀਆਂ ਦੇ ਮਸਲੇ ਬਾਰੇ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਇਸ ਦਾ ਪੱਕਾ ਅਤੇ ਸਥਾਈ ਹੱਲ ਕੱਢਿਆ ਜਾਣਾ ਜ਼ਰੂਰੀ ਹੈ। ਪੰਜਾਬ ਦੇ ਪਾਣੀਆਂ ਅਤੇ ਦਰਿਆਈ ਸਰੋਤਾਂ ਨਾਲ ਜੁੜੇ ਮਸਲਿਆਂ ਨੂੰ ਲੰਬਾ ਸਮਾਂ ਲਟਕਾਉਣ ਦੀ ਬਜਾਏ ਕੇਂਦਰ ਸਰਕਾਰ ਨੂੰ ਗੰਭੀਰਤਾ ਨਾਲ ਦਖ਼ਲ ਦੇ ਕੇ ਇਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਡੈਮਾਂ ਨਾਲ ਸੰਬੰਧਿਤ ਮਸਲਿਆਂ ਨੂੰ ਵੀ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਤੀ ਅਤੇ ਕਿਸਾਨੀ ਦਾ ਭਵਿੱਖ ਪਾਣੀ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ, ਇਸ ਲਈ ਪਾਣੀਆਂ ਦੇ ਮਸਲੇ ਨੂੰ ਗੰਭੀਰਤਾ ਨਾਲ ਹੱਲ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਲਾਹੇਵੰਦ ਅਤੇ ਯਕੀਨੀ ਭਾਅ ਦਿੱਤਾ ਜਾਵੇ। ਖੇਤੀਬਾੜੀ ਦੀਆਂ ਲਗਾਤਾਰ ਵਧ ਰਹੀਆਂ ਲਾਗਤਾਂ ਕਾਰਨ ਕਿਸਾਨਾਂ ਲਈ ਸਿਰਫ਼ ਫ਼ਸਲ ਪੈਦਾ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਉਨ੍ਹਾਂ ਦੀ ਮਿਹਨਤ ਅਤੇ ਖਰਚ ਦੇ ਮੁਕਾਬਲੇ ਵਾਜਬ ਮੁਨਾਫ਼ਾ ਮਿਲਣਾ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ । ਇਸ ਮੌਕੇ ਬੂਟਾ ਸਿੰਘ ਸ਼ਾਦੀਪੁਰ, ਰਣਜੀਤ ਸਿੰਘ ਮਿਆਲ ਕਲਾਂ, ਬੱਖਾ ਟੈਂਠਲ, ਲਾਡੀ ਨਜਾਮਣੀ ਵਾਲਾ, ਕੇਵਲ ਨਿਆਮਣੀ ਵਾਲਾ, ਗੁਰਲਾਲ ਸਿੰਘ ਖੇੜੀ, ਸ਼ਬੇਕ ਸਿੰਘ ਚੋਠ, ਗੁਰਸੇਵਕ ਸਿੰਘ ਚੋਠ, ਬੇਅੰਤ ਸਿੰਘ ਗੱਜੂ ਮਾਜਰਾ ਅਤੇ ਸੁਰਜੀਤ ਗਾਂਧੀ ਬਲਾਕ ਪ੍ਰਧਾਨ ਪਸਿਆਣਾ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।