12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਰਾਜਸੀ ਪਾਰਟੀਆਂ ਸ਼ਹਿਰੀ ਵੋਟ ਬੈਂਕ ਹਾਸਿਲ ਕਰਨ ਲਈ ਲਗਾ ਰਹੀਆਂ ਨੇ ਅੱਡੀ ਚੋਟੀ ਦਾ ਜ਼ੋਰ

ਅਜੀਤ ਡੈਸਕ 22-05-2026
ਪਟਿਆਲਾ, 21 ਮਈ (ਮਨਦੀਪ ਸਿੰਘ ਖਰੌੜ)-26 ਮਈ ਨੂੰ ਹੋਣ ਵਾਲੀਆਂ 8 ਮਿੳਾੂਸੀਪਲ ਕਾਰਪੋਰੇਸ਼ਨਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤ ਚੋਣਾਂ 'ਚ ਸ਼ਹਿਰੀ ਵੋਟ ਬੈਂਕ ਨੂੰ ਹਾਸਲ ਕਰਨ ਲਈ ਆਮ ਆਦਮੀ ਪਾਰਟੀ, ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ, ਭਾਜਪਾ, ਅਕਾਲੀ ਦਲ ਵਾਰਿਸ ਪੰਜਾਬ ਦੇ, ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਹੋਰ ਪਾਰਟੀਆਂ ਜ਼ਮੀਨੀ ਪੱਧਰ 'ਤੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ | ਸਿਆਸੀ ਗਲਿਆਰਿਆਂ 'ਚ ਇਸ ਚੋਣ ਨੂੰ 2027 ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਵੀ ਦੱਸਿਆ ਜਾ ਰਿਹਾ ਹੈ, ਕਿਉਂਕਿ ਇਨ੍ਹਾਂ ਚੋਣਾਂ 'ਚ ਪਾਰਟੀਆਂ ਆਪਣੇ ਸ਼ਹਿਰੀ ਵੋਟ ਬੈਂਕ ਦਾ ਜੋੜ-ਤੋੜ ਲਾ ਕੇ ਹੀ 2027 ਚੋਣਾਂ ਲਈ ਆਪਣੀ ਰਣਨੀਤੀ ਤਿਆਰ ਕਰਨਗੀਆਂ | 'ਅਜੀਤ' ਦੀ ਟੀਮ ਵਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਸੱਤਾ ਧਿਰ ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਬਹੁਤ ਪਹਿਲਾਂ ਹੀ ਵਿਉਂਤਬੰਦੀ ਕੀਤੀ ਹੋਈ ਸੀ ਅਤੇ ਉਸੇ ਤਹਿਤ ਹੀ ਉਨ੍ਹਾਂ ਨੇ ਜਿੱਤਣਯੋਗ ਉਮੀਦਵਾਰਾਂ ਨੂੰ ਹੀ ਚੋਣ ਮੈਦਾਨ 'ਚ ਉਤਾਰਿਆ ਹੈ | ਭਾਵੇਂ ਕਿ ਉਹ ਕਿਸੇ ਦੂਸਰੀ ਪਾਰਟੀ ਤੋਂ ਆ ਕੇ 'ਆਪ' 'ਚ ਸ਼ਾਮਲ ਹੋਏ ਹੋਣ | ਇਸ ਦੇ ਨਾਲ ਹੀ 'ਆਪ' ਆਗੂਆਂ ਵਲੋਂ ਪਾਰਟੀ ਵਲੋਂ ਕੀਤੇ ਗਏ ਸਿਹਤ ਸਹੂਲਤਾਂ ਜ਼ਮੀਨੀ ਪੱਧਰ ਤੇ ਸ਼ਹਿਰੀ ਪੱਧਰ 'ਤੇ ਮਜ਼ਬੂਤ ਕਰਨ ਦਾ ਕੰਮ, ਬਿਜਲੀ ਮੁਫ਼ਤ, ਸਿੱਖਿਆ ਮੁਫ਼ਤ, ਬੱਸ ਦਾ ਕਿਰਾਇਆ ਮੁਫ਼ਤ, ਸੜਕਾਂ ਦਾ ਨਿਰਮਾਣ ਅਤੇ ਲੋਕ ਪੱਖੀ ਪ੍ਰਸ਼ਾਸਨ ਦੇਣ ਸੰਬੰਧੀ ਪ੍ਰਚਾਰ ਕਰ ਕੇ ਸ਼ਹਿਰੀ ਵੋਟਰਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਹਨ | ਮੌਜੂਦਾ ਬਣੇ ਹਾਲਾਤਾਂ ਅਨੁਸਾਰ ਇਹ ਵੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਫ਼ਿਲਹਾਲ ਪੱਲੜਾ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਭਾਰੀ ਹੈ | ਦੂਜੇ ਪਾਸੇ ਪੰਜਾਬ ਕਾਂਗਰਸ 'ਚ ਇਨ੍ਹਾਂ ਚੋਣਾਂ ਤੋਂ ਬਾਅਦ ਪਾਰਟੀ ਦਾ ਪੁਨਰਗਠਨ ਕਰਨ ਦੀ ਸੰਭਾਵਨਾ ਦੇਖਦੇ ਹੋਏ ਕਾਂਗਰਸ ਦੇ ਸੀਨੀਅਰ ਅਤੇ ਜੂਨੀਅਰ ਆਗੂ ਪੂਰੇ ਜ਼ੋਰ ਸ਼ੋਰ ਨਾਲ ਸ਼ਹਿਰੀ ਵੋਟਰਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਉਨ੍ਹਾਂ ਦੁਆਰਾ ਪਹਿਲੇ ਕੀਤੇ ਕੰਮ ਅਤੇ ਸਰਕਾਰ ਦੀਆਂ ਨਾਕਾਮੀਆਂ ਸੰਬੰਧੀ ਪ੍ਰਚਾਰ ਕਰ ਕੇ ਦੱਸਿਆ ਜਾ ਰਿਹਾ ਹੈ ਕਿ ਸ਼ਹਿਰਾਂ ਦਾ ਵਿਕਾਸ ਕਾਂਗਰਸ ਸਰਕਾਰ ਵੇਲੇ ਹੀ ਹੋਇਆ ਸੀ ਤੇ ਕੇਵਲ ਕਾਂਗਰਸ ਸਰਕਾਰ ਹੀ ਸ਼ਹਿਰਾਂ ਦੀਆਂ ਖ਼ਾਮੀਆਂ ਨੂੰ ਦੂਰ ਕਰ ਸਕਦੀ ਹੈ ਪਰ ਦੂਜੀਆਂ ਪਾਰਟੀਆਂ ਦਾਅਵੇ ਵੱਡੇ-ਵੱਡੇ ਕਰਦੀਆਂ ਹਨ ਪਰ ਉਨ੍ਹਾਂ ਦਾ ਜ਼ਿਆਦਾਤਰ ਧਿਆਨ ਪੇਂਡੂ ਖੇਤਰਾਂ 'ਚ ਹੀ ਹੁੰਦਾ ਹੈ | ਕਈ ਕਾਂਗਰਸੀ ਆਗੂਆਂ ਵਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ 2027 ਵਿਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ | ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਬੜੇ ਭਰੋਸੇ ਨਾਲ ਇਨ੍ਹਾਂ ਚੋਣਾਂ 'ਚ ਪ੍ਰਚਾਰ ਕਰ ਰਹੀ ਹੈ ਕਿਉਂਕਿ ਪਿਛਲੀਆਂ ਚੋਣਾਂ 'ਚ ਅੰਕੜਿਆਂ ਅਨੁਸਾਰ ਭਾਜਪਾ ਦਾ ਵੋਟ ਬੈਂਕ ਪੰਜਾਬ 'ਚ ਵਧਿਆ ਹੈ | ਸੂਬੇ ਦੇ ਸ਼ਹਿਰੀ ਇਲਾਕਿਆਂ 'ਚ ਜਥੇਬੰਦਕ ਢਾਂਚਾ ਵੀ ਮਜ਼ਬੂਤ ਹੈ ਅਤੇ ਕਈ ਪੁਰਾਣੇ ਆਗੂ ਲੰਮੇ ਸਮੇਂ ਤੋਂ ਸ਼ਹਿਰਾਂ 'ਚ ਕੰਮ ਵੀ ਕਰ ਰਹੇ ਹਨ | ਭਾਜਪਾ ਆਗੂਆਂ ਵਲੋਂ ਇਨ੍ਹਾਂ ਚੋਣਾਂ 'ਚ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਅਤੇ ਕੇਂਦਰ ਸਰਕਾਰ ਵਲੋਂ ਸ਼ਹਿਰੀਕਰਨ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਸੂਬਾ ਸਰਕਾਰ ਨੂੰ ਮੁਹੱਈਆ ਕਰਵਾਏ ਜਾ ਰਹੇ ਫ਼ੰਡਾਂ ਸੰਬੰਧੀ ਦੱਸਿਆ ਜਾ ਰਿਹਾ ਹੈ | ਭਾਜਪਾ ਵਲੋਂ ਵੋਟ ਬੈਂਕ ਵਧਣ ਦੇ ਕਿਆਸ ਵੀ ਲਗਾਏ ਜਾ ਰਹੇ ਹਨ | ਆਗੂਆਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ 2027 'ਚ ਸੂਬੇ 'ਚ ਭਾਜਪਾ ਦੀ ਸਰਕਾਰ ਬਣੇਗੀ ਜਿਸ ਨਾਲ ਪੰਜਾਬ ਦੇ ਸ਼ਹਿਰਾਂ 'ਚ ਲੰਮੇ ਸਮੇਂ ਤੋਂ ਲਟਕੀਆਂ ਪਈਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਦੂਰ ਕੀਤੀਆਂ ਜਾਣਗੀਆਂ | ਇੰਜ ਹੀ ਸ਼ੋ੍ਰਮਣੀ ਅਕਾਲੀ ਦਲ ਆਪਣਾ ਆਧਾਰ ਬਰਕਰਾਰ ਰੱਖਣ ਲਈ ਨਗਰ ਕੌਂਸਲ ਦੀਆਂ ਚੋਣਾਂ 'ਚ ਵਧ ਚੜ੍ਹ ਕੇ ਚੋਣ ਪ੍ਰਚਾਰ ਕਰ ਰਹੀ ਹੈ |
ਅਕਾਲੀ ਆਗੂਆਂ ਵਲੋਂ ਸ਼ਹਿਰੀ ਵੋਟਰਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕੇਵਲ ਖੇਤਰੀ ਪਾਰਟੀ ਰਾਹੀਂ ਹੀ ਪੰਜਾਬ ਦਾ ਵਿਕਾਸ ਹੋ ਸਕਦਾ ਹੈ | ਹੁਣ ਤਕ ਜਿੰਨਾ ਵੀ ਵਿਕਾਸ ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਦਾ ਹੋਇਆ ਹੈ ਉਸ ਦੀ ਸ਼ੁਰੂਆਤ ਸ਼ੋ੍ਰਮਣੀ ਅਕਾਲੀ ਦਲ ਵਲੋਂ ਹੀ ਕੀਤੀ ਗਈ ਸੀ ਤੇ ਉਨ੍ਹਾਂ ਦੀਆਂ ਸਕੀਮਾਂ ਨੂੰ ਇਹ ਆਪਣਾ ਨਾਂਅ ਅਤੇ ਮੋਹਰ ਲਗਾ ਕੇ ਸੱਤਾ ਧਿਰ ਪਾਰਟੀ ਆਪਣਾ ਨਾਮ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ | ਅਕਾਲੀ ਦਲ ਵਾਰਿਸ ਪੰਜਾਬ ਦੇ, ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀਆਂ ਵਲੋਂ ਵੀ ਪੰਥਕ ਏਜੰਡੇ ਨੂੰ ਅੱਗੇ ਰੱਖਦਿਆਂ ਸ਼ਹਿਰਾਂ 'ਚ ਵੋਟਾਂ ਮੰਗੀਆਂ ਜਾ ਰਹੀਆਂ ਹਨ | ਉਨ੍ਹਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਰਵਾਇਤੀ ਅਤੇ ਸੱਤਾ ਧਿਰ ਪਾਰਟੀਆਂ ਆਪਣੇ ਕਹਿਣੀ ਤੇ ਕਰਨੀ ਤੋਂ ਭਟਕ ਚੁੱਕੀ ਹੈ ਤੇ ਉਹ ਆਪਣੀਆਂ ਪਾਰਟੀਆਂ ਨੂੰ ਇਕ ਨਵੇਂ ਬਦਲ ਵਜੋਂ ਪੇਸ਼ ਕਰ ਰਹੀਆਂ ਹਨ | ਫ਼ਿਲਹਾਲ ਇਹ ਤਾਂ ਸਮਾਂ ਹੀ ਦੱਸੇਗਾ ਕਿ ਉਕਤ ਸਾਰੀਆਂ ਪਾਰਟੀਆਂ ਵਲੋਂ ਆਪੋ-ਆਪਣੇ ਦਿੱਤੇ ਚੋਣ ਏਜੰਡੇ 'ਤੇ ਪੰਜਾਬ ਵਾਸੀ ਕਿੰਨਾ ਕੁ ਵਿਸ਼ਵਾਸ ਕਰਦੇ ਹਨ!
ਪਿਛਲੀ ਖ਼ਬਰ ਵਿਧਾਇਕ ਦੇਵ ਮਾਨ ਨੇ 'ਆਪ' ਉਮੀਦਵਾਰ ਗਗਨਦੀਪ ਕੌਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ 5 ਨੰਬਰ ਵਾਰਡ ਦੇ ਉਮੀਦਵਾਰ ਪਰਮਜੀਤ ਕੌਰ ਵਲੋਂ ਚੋਣ ਪ੍ਰਚਾਰ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।