ਰਾਜਪੁਰਾ, 16 ਮਈ (ਰਣਜੀਤ ਸਿੰਘ)-ਨਗਰ ਕੌਂਸਲ ਚੋਣਾਂ ਸੰਬੰਧੀ ਅੱਜ ਨਾਮਜ਼ਦਗੀ ਪੇਪਰ ਭਰਨ ਦਾ ਆਖ਼ਰੀ ਦਿਨ ਸੀ ਪਰ ਇਹ ਦਿਨ ਸੱਤਾਧਾਰੀ ਧਿਰ ਲਈ ਗਲੇ ਦੀ ਹੱਡੀ ਬਣ ਗਿਆ ਹੈ | ਆਪਣੇ ਆਪ ਨੂੰ ਪਾਰਟੀ ਦੇ ਪਰਬਤ ਕੱਦ ਆਗੂ ਸਮਝ ਕੇ ਪਾਰਟੀ ਟਿਕਟ ਮਿਲਣ ਤੋ ਪਹਿਲਾਂ ਹੀ ਕਈ ਆਗੂਆਂ ਨੇ ਗਲੀਆਂ ਮੁਹੱਲਿਆਂ ਵਿਚ ਪੋਸਟਰ ਜੰਗ ਸ਼ੁਰੂ ਕਰ ਦਿੱਤੀ ਸੀ ਪਰ ਅੱਜ ਦੁਪਹਿਰ ਵੇਲੇ ਜਿਉਂ ਹੀ ਸੱਤਾਧਾਰੀ ਧਿਰ ਨੇ ਅਧਿਕਾਰਤ ਤੌਰ 'ਤੇ ਪਾਰਟੀ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਤਾਂ ਕਈਆਂ ਦੀ ਟਿਕਟ 'ਤੇ ਰਾਜਨੀਤਕ ਕੈਂਚੀ ਚਲ ਗਈ, ਇਸ ਕੈਂਚੀ ਦੀ ਮਾਰ ਵਿਚ ਕਈ ਉਹ ਆਗੂ ਵੀ ਆ ਗਏ ਜਿਨਾਂ ਨੇ ਪਹਿਲਾਂ ਹੀ ਮੁਹੱਲਿਆਂ ਦੀਆਂ ਕੰਧਾਂ 'ਤੇ ਪੋਸਟਰ ਲਾ ਦਿੱਤੇ ਸੀ | ਅੱਜ ਉਨਾਂ ਵਿਚੋਂ ਕਈ ਆਜ਼ਾਦ ਅਤੇ ਕਈ ਟਿਕਟ ਨਾ ਮਿਲਣ ਕਾਰਨ ਪਾਲਾ ਬਦਲ ਕੇ ਮੈਦਾਨ ਵਿਚ ਨਿੱਤਰ ਗਏ ਹਨ | ਗਲੇ ਵਿਚ ਹੋਰ ਪਾਰਟੀ ਦੇ ਪਾਰਟੀ ਚਿੰਨ ਪਾਉਣ ਵਾਲੇ ਸੱਤਾਧਾਰੀ ਧਿਰ ਲਈ ਗਲੇ ਦੀ ਹੱਡੀ ਬਣ ਸਕਦੇ ਹਨ ਕਿਉਂਕਿ ਆਪਣੇ ਹੀ ਆਪਣਿਆਂ ਦੇ ਖ਼ਿਲਾਫ਼ ਮੈਦਾਨ ਵਿਚ ਉਤਰ ਗਏ ਹਨ | ਜਾਣਕਾਰੀ ਮੁਤਾਬਿਕ ਨਗਰ ਕੌਂਸਲ ਚੋਣਾਂ ਲਈ ਅੱਜ ਨਾਮਜ਼ਦਗੀ ਪੇਪਰ ਦਾਖਲ ਕਰਨ ਦਾ ਆਖ਼ਰੀ ਦਿਨ ਸੀ, ਇਸ ਲਈ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਪਹਿਲਾਂ ਹੀ ਪਾਰਟੀ ਟਿਕਟਾਂ ਦੀ ਲਿਸਟਾਂ ਜਾਰੀ ਕਰ ਦਿੱਤੀਆਂ ਸਨ | ਇਸ ਮਾਮਲੇ ਵਿਚ ਸੱਤਾਧਾਰੀ ਧਿਰ ਪਛੜ ਗਈ ਲੱਗ ਰਹੀ ਹੈ | ਅੱਜ ਜਿਉਂ ਹੀ ਦੁਪਹਿਰ ਵੇਲੇ ਸੱਤਾਧਾਰੀ ਧਿਰ ਦੀ ਅਧਿਕਾਰਤ ਤੌਰ 'ਤੇ ਲਿਸਟ ਜਾਰੀ ਹੋਈ ਤਾਂ ਜਿਨਾਂ ਦੀ ਟਿਕਟ ਕੱਟੀ ਗਈ ਹੈ ਉਨਾਂ ਵਿਚੋਂ ਕਈਆਂ ਨੇ ਤਾਂ ਰੋਲਾ ਗੋਲਾ ਪਾਉਣ ਤੋਂ ਬਾਅਦ ਆਜ਼ਾਦ ਤੌਰ 'ਤੇ ਮੈਦਾਨ ਵਿਚ ਉੱਤਰਨ ਦਾ ਮਨ ਬਣਾ ਲਿਆ ਅਤੇ ਕਈਆਂ ਨੇ ਪਾਲਾ ਬਦਲਣ ਵਿਚ ਇਕ ਮਿੰਟ ਨਹੀਂ ਲਾਇਆ | ਉਨਾਂ ਦਾ ਕਹਿਣਾ ਹੈ ਕਿ ਉਨਾਂ ਅੰਦਰ ਸੇਵਾ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਉਹ ਹਰ ਹਾਲ 'ਚ ਚੋਣ ਪਿੜ ਵਿਚ ਕੁੱਦਣਗੇ | ਸ਼ਹਿਰ ਵਿਚ ਉਸ ਵਕਤ ਸਥਿਤੀ ਹਾਸੋ ਹੀਣੀ ਬਣ ਗਈ ਜਦੋਂ ਆਪਣੇ ਹੱਥੀ ਲਾਏ ਹੋਏ ਪੋਸਟਰ ਆਪ ਹੀ ਉਤਾਰਨੇ ਪੈ ਗਏ | ਟਿਕਟਾਂ ਦੀ ਵੰਡ ਕਾਰਨ ਉੱਠਿਆ ਸਿਆਸੀ ਤੁਫ਼ਾਨ ਅੱਗੇ ਜਾ ਕੇ ਸੱਤਾਧਾਰੀ ਧਿਰ ਲਈ ਗਲੇ ਦੀ ਹੱਡੀ ਬਣ ਸਕਦਾ ਹੈ | ਇਨਾਂ ਵਿਚ ਕਈ ਤਾਂ ਉਹ ਹਨ ਜਿਹੜੇ ਲੰਘੀਆਂ ਚੋਣਾਂ ਵਿਚ ਜਿੱਤੇ ਕਿਸੇ ਹੋਰ ਪਾਰਟੀ ਤੋਂ ਸਨ ਪਰ ਬਾਅਦ ਵਿਚ ਆ ਕੇ ਸਿਆਸੀ ਪਾਲਾ ਬਦਲ ਲਿਆ ਸੀ | ਉਨਾਂ ਵਿਚ ਕਈਆਂ ਨੇ ਬੈਕ ਗੇਅਰ ਪਾ ਦਿੱਤਾ ਹੈ | ਸ਼ਹਿਰ ਦੇ ਸਿਆਸੀ ਬਾਜ਼ਾਰ ਵਿਚ ਕਈ ਤਰਾਂ ਦੀਆਂ ਗੱਲਾਂ ਚੱਲ ਰਹੀਆਂ ਹਨ ਕਿ ਪਾਰਟੀ ਤੋਂ ਨਰਾਜ ਆਗੂ ਵੋਟਾਂ ਨੂੰ ਕਿਨਾਂ ਕੁ ਸੰਨ ਲਾਉਣਗੇ ਇਹ ਸਮਾਂ ਹੀ ਦੱਸੇਗਾ |