ਪਟਿਆਲਾ, 7 ਮਈ (ਅ.ਸ. ਆਹਲੂਵਾਲੀਆ)-ਨਗਰ ਨਿਗਮ ਜਿਸ ਦੇ ਮੁਲਾਜਮਾਂ ਅਤੇ ਚੁਣ ਕੇ ਆਏ ਨੁਮਾਇੰਦਿਆਂ ਦੀ ਸਾਂਝੀ ਜ਼ਿੰਮੇਵਾਰੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਹੈ | ਜਿਸ ਲਈ ਨਾਗਰਿਕ ਵੀ ਤਰ੍ਹਾਂ-ਤਰ੍ਹਾਂ ਦੇ ਟੈਕਸ ਦੇਕੇ ਇਨ੍ਹਾਂ ਦੀ ਮਹੀਨਾਵਾਰ ਤਨਖ਼ਾਹ ਦਾ ਇੰਤਜ਼ਾਮ ਕਰਦੇ ਹਨ, ਪਰੰਤੂ ਆਪਣੇ ਫ਼ਰਜ਼ਾਂ ਤੋਂ ਮੁਨਕਰ ਜਾਪਦੇ ਇਨ੍ਹਾਂ ਲੋਕਾਂ ਦੀ ਕਾਰਗੁਜ਼ਾਰੀ ਦਾ ਪਤਾ ਨਗਰ ਨਿਗਮ ਦਫ਼ਤਰ ਵਿਚ ਪੈਰ ਰੱਖਦਿਆਂ ਹੀ ਚਲ ਰਿਹਾ ਹੈ | ਇੱਥੇ ਲੱਗੇ ਕੂੜੇ ਦੇ ਢੇਰ ਦੱਸਦੇ ਹਨ ਕਿ ਸ਼ਹਿਰ ਦੇ ਬਾਕੀ ਹਿੱਸਿਆਂ ਵਿਚ ਸਫ਼ਾਈ ਲਈ ਮੁਲਾਜ਼ਮ, ਅਧਿਕਾਰੀ ਜਾਂ ਚੁਣੇ ਹੋਏ ਨੁਮਾਇੰਦੇ ਕਿੰਨੇ ਕੁ ਸੁਹਿਰਦ ਹਨ | ਅਜਿਹਾ ਵਰਤਾਰਾ ਨਿਗਮ ਦਫ਼ਤਰ ਦੀ ਚਾਰਦੀਵਾਰੀ ਵਿਚ ਹੋਣਾ ਵੀ ਕਾਫੀ ਚਿੰਤਾ ਦਾ ਵਿਸ਼ਾ ਹੈ | ਜਿੱਥੇ ਨਾਗਰਿਕ ਆਪਣੇ ਕੰਮਾਂ ਲਈ ਬਣੇ ਸੁਵਿਧਾ ਕੇਂਦਰ ਵਿਚ ਆਉਂਦੇ ਹਨ, ਪਖਾਨਾ ਜਾਂਦੇ ਹਨ | ਉਸ ਦੇ ਸਾਹਮਣੇ ਇਸ ਤਰ੍ਹਾਂ ਦੇ ਕੂੜੇ ਦਾ ਸੜਿਆਂਦ ਮਾਰਦਾ ਢੇਰ ਬਿਲਕੁਲ ਸਹੀ ਨਹੀਂ ਕਿਹਾ ਜਾ ਸਕਦਾ | ਇੱਥੇ ਬਜ਼ੁਰਗ ਅਤੇ ਔਰਤਾਂ ਨੇ ਦੱਸਿਆ ਕਿ ਕੂੜੇ ਦੇ ਢੇਰ ਦੀ ਬਦਬੂ ਅਤੇ ਪਖਾਨਾ ਜਾਣ ਸਮੇਂ ਰਸਤੇ ਵਿਚ ਪਿਆ ਗੰਦ ਕਾਫੀ ਪ੍ਰੇਸ਼ਾਨ ਕਰਨ ਵਾਲਾ ਹੈ |