ਪਟਿਆਲਾ, 7 ਮਈ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਵਲੋਂ ਅੱਜ ਪ੍ਰਸਿੱਧ ਪੰਜਾਬੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਕਹਾਣੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸਮਕਾਲੀ ਕਹਾਣੀਕਾਰ ਅਜਮੇਰ ਸਿੱਧੂ ਅਤੇ ਸਾਂਵਲ ਧਾਮੀ ਨੇ ਆਪਣੀਆਂ ਚਰਚਿਤ ਕਹਾਣੀਆਂ ਨਾਲ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ | ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਸੁਰਜੀਤ ਸਿੰਘ ਨੇ ਕੀਤੀ | ਸਮਾਗਮ ਦੇ ਸ਼ੁਰੂ ਵਿੱਚ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫ਼ਰ ਨੇ ਆਏ ਸਾਹਿਤਕਾਰਾਂ, ਵਿਦਵਾਨਾਂ ਅਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕੁਲਵੰਤ ਸਿੰਘ ਵਿਰਕ ਦੀ ਨਿੱਕੀ ਕਹਾਣੀ ਕਲਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਵਿਰਕ ਪੰਜਾਬੀ ਬੰਦੇ ਦੇ ਅਵਚੇਤਨ ਨੂੰ ਬੇਹੱਦ ਗਹਿਰਾਈ ਨਾਲ ਪਕੜਨ ਵਾਲੇ ਕਹਾਣੀਕਾਰ ਸਨ ਅਤੇ ਪੰਜਾਬੀ ਨਿੱਕੀ ਕਹਾਣੀ ਦੇ ਵਿਕਾਸ ਵਿਚ ਉਨ੍ਹਾਂ ਦਾ ਯੋਗਦਾਨ ਮੀਲ ਪੱਥਰ ਵਾਂਗ ਹੈ | ਇਸ ਦੌਰਾਨ ਕਹਾਣੀਕਾਰ ਅਜਮੇਰ ਸਿੱਧੂ ਨੇ ਆਰਟੀਫਿਸ਼ਲ ਇੰਟੈਲੀਜੈਂਸ ਵਿਸ਼ੇ ਨਾਲ ਸੰਬੰਧਿਤ ਆਪਣੀ ਕਹਾਣੀ 'ਬਰਫ਼ ਦੀ ਬੁਲਬੁਲ' ਬਾਰੇ ਦੱਸਿਆ, ਜਿਸ ਨੂੰ ਸਰੋਤਿਆਂ ਵਲੋਂ ਭਰਪੂਰ ਪ੍ਰਸੰਸਾ ਮਿਲੀ | ਉੱਥੇ ਹੀ ਸਾਂਵਲ ਧਾਮੀ ਨੇ ਪੰਜਾਬ ਵੰਡ ਦੀ ਪੀੜ ਨਾਲ ਜੁੜੀ ਆਪਣੀ ਕਹਾਣੀ 'ਗਰਾਈਾ' ਪੜ੍ਹੀ, ਜਿਸ ਨੇ ਪੰਜਾਬੀ ਭਾਈਚਾਰੇ ਦੇ ਦੁੱਖ-ਦਰਦ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਜੀਵੰਤ ਢੰਗ ਨਾਲ ਪੇਸ਼ ਕੀਤਾ | ਪ੍ਰਧਾਨਗੀ ਭਾਸਣ ਦਿੰਦਿਆਂ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਕਲਾ ਅਗਲੀ ਪੀੜ੍ਹੀ ਦੇ ਕਥਾਕਾਰਾਂ ਲਈ ਪ੍ਰਤਿਮਾਨ ਵਾਂਗ ਸਥਾਪਿਤ ਹੋਈ | ਉਨ੍ਹਾਂ ਕਿਹਾ ਕਿ ਸਾਂਵਲ ਧਾਮੀ ਦੀ ਕਹਾਣੀ ਪੰਜਾਬੀ ਮਨ ਦੇ ਅੰਦਰਲੇ ਦਰਦ ਨੂੰ ਆਵਾਜ਼ ਦਿੰਦੀ ਹੈ, ਜਦਕਿ ਅਜਮੇਰ ਸਿੱਧੂ ਸਮਕਾਲੀ ਹਾਲਾਤਾਂ ਅਤੇ ਵਿਗਿਆਨਕ ਸੋਚ ਨੂੰ ਭਵਿੱਖਮੁਖੀ ਦਿ੍ਸਟੀ ਨਾਲ ਆਪਣੀ ਕਹਾਣੀ ਵਿੱਚ ਸਮੇਟਦੇ ਹਨ | ਇਸ ਮੌਕੇ ਭਾਸ਼ਾ ਵਿਭਾਗ ਵਲੋਂ ਡਾ. ਸੁਰਜੀਤ ਸਿੰਘ, ਅਜਮੇਰ ਸਿੱਧੂ ਅਤੇ ਸਾਂਵਲ ਧਾਮੀ ਨੂੰ ਸਾਲਾਂ ਅਤੇ ਪੁਸਤਕ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਸਹਾਇਕ ਡਾਇਰੈਕਟਰ ਤੇਜਿੰਦਰ ਸਿੰਘ ਗਿੱਲ ਨੇ ਸਾਰਿਆਂ ਦਾ ਧੰਨਵਾਦ ਕੀਤਾ | ਸਮਾਗਮ ਵਿੱਚ ਭੁਪਿੰਦਰਾ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ, ਸਾਬਕਾ ਆਈ.ਆਰ.ਐੱਸ. ਹਰਜੀਤ ਸਿੰਘ ਸੋਹੀ, ਸਾਬਕਾ ਪ੍ਰੋਫੈਸਰ ਬਲਦੇਵ ਸਿੰਘ ਧਾਲੀਵਾਲ, ਸਤਨਾਮ ਸਿੰਘ, ਬਲਵਿੰਦਰ ਸੰਧੂ, ਕੁਲਵੰਤ ਸਿੰਘ ਨਾਰੀਕੇ, ਜੋਗਾ ਸਿੰਘ ਧਨੌਲਾ, ਡਾ. ਗੁਰਦੇਵ ਸਿੰਘ, ਡਾ. ਸਰਬਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਸਾਹਿਤਕਾਰ, ਵਿਭਾਗੀ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ | ਮੰਚ ਸੰਚਾਲਨ ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਬਾਖ਼ੂਬੀ ਨਿਭਾਇਆ |