06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਪੰਜਾਬ 'ਚ ਨਕਲੀ ਸ਼ਰਾਬ ਦੀ ਆਮਦ ਜਾਰੀ, ਕਿਸੇ ਵੇਲੇ ਵੀ ਵਾਪਰ ਸਕਦੈ ਵੱਡਾ ਹਾਦਸਾ

ਅਜੀਤ ਡੈਸਕ 15-04-2026
ਪਟਿਆਲਾ, 14 ਅਪ੍ਰੈਲ (ਮਨਦੀਪ ਸਿੰਘ ਖਰੌੜ)-ਪੰਜਾਬ ਭਰ ਵਿਚ ਨਕਲੀ ਅਤੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ 5 ਸਾਲਾਂ ਵਿਚ ਸੈਂਕੜੇ ਮੌਤਾਂ ਹੋਣ ਦੇ ਬਾਵਜੂਦ ਵੀ ਨਕਲੀ ਸ਼ਰਾਬ ਵਿਕਰੀ ਲਗਾਤਾਰ ਜਾਰੀ ਹੈ | ਇਸੇ ਸਿਲਸਿਲੇ ਤਹਿਤ ਸੀਆਈਏ ਪਟਿਆਲਾ ਵਲੋਂ 25 ਪੇਟੀਆਂ ਨਕਲੀ ਸ਼ਰਾਬ ਹਰਿਆਣਾ ਦੀ ਬਰਾਮਦ ਕੀਤੀ ਗਈ ਹੈ | ਜਿਸ ਉੱਤੇ ਫ਼ਰਜ਼ੀ ਲੇਬਲ ਅਤੇ ਢੱਕਣ ਲੱਗੇ ਹੋਏ ਹਨ | ਇਹ ਸ਼ਰਾਬ ਹਰਿਆਣਾ ਨੰਬਰ ਦੀ ਗੱਡੀ ਵਿਚੋਂ ਫੜੀ ਗਈ ਹੈ ਜਿਹੜੀ ਕਿ ਪਟਿਆਲਾ ਜ਼ਿਲੇ੍ਹ ਵਿਚ ਦਾਖਲ ਹੋਈ ਸੀ | ਇਸ ਸੰਬੰਧੀ ਹਾਲੇ ਤੱਕ ਕਿਸੇ ਵੀ ਪੁਲਿਸ ਅਤੇ ਐਕਸਾਈਜ਼ ਅਧਿਕਾਰੀ ਵਲੋਂ ਸਪਸ਼ਟ ਨਹੀਂ ਕੀਤਾ ਗਿਆ ਕਿ ਇਹ ਸ਼ਰਾਬ ਕਿਥੋਂ ਆਈ ਸੀ ਅਤੇ ਕਿਥੇ ਸਪਲਾਈ ਲਈ ਭੇਜੀ ਜਾ ਰਹੀ ਸੀ | ਸਾਲ 2025 ਵਿਚ ਵੀ 117 ਪੇਟੀਆਂ ਨਕਲੀ ਸ਼ਰਾਬ ਦੀਆਂ ਫੜੀਆਂ ਗਈ ਸਨ | ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਨਕਲੀ ਸ਼ਰਾਬ ਦੀ ਵਿਕਰੀ ਚੋਰੀ ਛੁਪੇ ਜਾਰੀ ਰਹੀ ਹੈ ਇਹ ਤਾਂ ਸਿਰਫ਼ ਇਕ ਗੱਡੀ ਫੜੀ ਗਈ ਹੈ ਪਤਾ ਨਹੀਂ ਇਸ ਤੋਂ ਪਹਿਲਾਂ ਹੁਣ ਤੱਕ ਪੰਜਾਬ ਵਿਚ ਕਿੰਨੀਆਂ ਗੱਡੀਆਂ ਨਾਜਾਇਜ਼ ਸ਼ਰਾਬ ਦੀਆਂ ਕਿਥੇ ਕਿਥੇ ਪਹੁੰਚੀਆਂ ਹਨ ਇਸ ਬਾਰੇ ਤਾਂ ਤਸਕਰ ਹੀ ਦੱਸ ਸਕਦੇ ਹਨ | ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਤਸਕਰ ਦੇਸੀ ਸ਼ਰਾਬ ਨਕਲੀ ਬਣਾਉਂਦੇ ਹਨ ਇਹ ਸ਼ਰਾਬ ਜ਼ਿਆਦਾਤਰ ਲੇਬਰ ਤਬਕੇ ਨੂੰ ਵੇਚੀ ਜਾਂਦੀ ਅਤੇ ਪੰਜਾਬ ਦੀਆਂ ਮੰਡੀਆਂ ਲਾਗੇ ਨਕਲੀ ਸ਼ਰਾਬ ਵਿਕਣ ਸੰਬੰਧੀ ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ | ਇਸ ਸੰਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਸ਼ਰਾਬ ਬਣਦੀ ਹੈ ਨਿਯਮਾਂ ਅਨੁਸਾਰ ਬਣਾਈ ਜਾਂਦੀ ਹੈ | ਇਸ ਦੇ ਉਲਟ ਨਕਲੀ ਸ਼ਰਾਬ ਬਣਾਉਣ ਵਾਲਿਆਂ ਨੂੰ ਅਜਿਹੇ ਨਿਯਮਾਂ ਬਾਰੇ ਕੁਝ ਨਹੀਂ ਪਤਾ ਹੁੰਦਾ ਉਹ ਆਪਣੀ ਮਰਜ਼ੀ ਨਾਲ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਕੇ ਸ਼ਰਾਬ ਤਿਆਰ ਕਰ ਲੈਂਦੇ ਜਿਸ ਨੂੰ ਪੀ ਕੇ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ | ਕੀ ਪੰਜਾਬ ਜਾਂ ਹਰਿਆਣਾ ਵਿਚ ਕੋਈ ਨਕਲੀ ਸ਼ਰਾਬ ਬਣਾ ਰਿਹਾ ਹੈ ਇਸ ਸਵਾਲ ਦਾ ਜਵਾਬ ਅਜੇ ਨਹੀਂ ਮਿਲ ਸਕਿਆ? ਇਸ ਕੇਸ 'ਚ ਪੜਤਾਲ ਕਰ ਰਹੇ ਸੀਆਈਏ ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਦਸੰਬਰ ਵਿਚ ਫੜੀ ਗਈ ਨਕਲੀ ਸ਼ਰਾਬ ਕੇਸ ਵਿਚ ਨਾਮਜ਼ਦ ਮੁਲਜ਼ਮ ਮਨਿੰਦਰ ਸਿੰਘ ਦੁਬਾਰਾ ਇਸ ਮਾਮਲੇ ਵਿਚੋਂ ਫਰਾਰ ਹੈ | ਜਿਸ ਨੂੰ ਕਾਬੂ ਕਰਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ |
ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ
5 ਸਾਲਾਂ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਸੈਂਕੜੇ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ | ਸਾਲ 2025 ਵਿਚ ਅੰਮਿ੍ਤਸਰ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 23 ਵਿਅਕਤੀਆਂ ਦੀ ਮੌਤ ਹੋ ਗਈ ਸੀ | ਜਦ ਕਿ 2024 ਵਿਚ ਸੰਗਰੂਰ ਜ਼ਿਲੇ੍ਹ ਵਿਚ ਨਕਲੀ ਸ਼ਰਾਬ ਪੀਣ ਕਾਰਨ 20 ਵਿਅਕਤੀਆਂ ਦੀ ਜਾਨ ਚਲੀ ਗਈ ਸੀ | ਸਾਲ 2020 ਵਿਚ ਤਰਨਤਾਰਨ, ਅੰਮਿ੍ਤਸਰ ਤੇ ਗੁਰਦਾਸਪੁਰ ਦੇ ਇਲਾਕਿਆਂ ਵਿਚ 100 ਵਿਅਕਤੀਆਂ ਨੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਜਾਨ ਗਵਾਈ ਸੀ |
ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੈਂਕੜੇ ਤਸਕਰ ਕਾਬੂ
ਇਸ ਸੰਬੰਧੀ ਪੰਜਾਬ ਪੁਲਿਸ ਦੇ ਉਚ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਭਰ 'ਚ ਪੁਲਿਸ ਵਲੋਂ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਵੱਡੀ ਗਿਣਤੀ ਵਿਚ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ ਗਿਆ ਹੈ | ਸੂਬੇ ਵਿਚ ਨਾਜਾਇਜ਼ ਸ਼ਰਾਬ ਜਾਂ ਨਸ਼ਾ ਤਸਕਰ ਬਖ਼ਸ਼ਿਆ ਨਹੀਂ ਜਾਵੇਗਾ | ਉਹ ਜਲਦ ਹੀ ਪੁਲਿਸ ਦੀ ਗਿ੍ਫ਼ਤ ਵਿਚ ਹੋਣਗੇ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸੰਗਤਾਂ ਨੇ ਮੱਥਾ ਟੇਕ ਅਤੇ ਇਸ਼ਨਾਨ ਕਰ ਮਨਾਇਆ ਖ਼ਾਲਸਾ ਸਾਜਨਾ ਦਿਹਾੜਾ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਕੀਤਾ ਯਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।