ਨਾਭਾ, 19 ਫਰਵਰੀ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਪੁਰਾਣਾ ਹਾਥੀਖਾਨਾਂ ਮੁਹੱਲੇ 'ਚ ਉਸ ਵਕਤ ਸਨਸਨੀ ਫੈਲ ਗਈ, ਜਦੋਂ ਗੰਦੇ ਨਾਲੇ 'ਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ | ਮਿ੍ਤਕ ਵਿਅਕਤੀ ਦੀ ਫਿਲਹਾਲ ਕੋਈ ਪਹਿਚਾਣ ਨਹੀਂ ਹੋ ਸਕੀ | ਜਦੋਂ ਇਹ ਵਿਅਕਤੀ ਨਾਲੇ 'ਚ ਡਿਗਦਾ ਹੈ ਤਾਂ ਉਦੋਂ ਸੀ.ਸੀ.ਟੀ.ਵੀ. ਕੈਮਰੇ 'ਚ ਡਿਗਦੇ ਦੀ ਵੀਡੀਓ ਵੀ ਸਾਹਮਣੇ ਆਈ ਹੈ | ਦੂਜੇ ਪਾਸੇ ਸਥਾਨਕ ਕੋਤਵਾਲੀ ਪੁਲਿਸ ਵਲੋਂ ਮਿ੍ਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ | ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਇਸ ਨਾਲੇ 'ਚ ਕੋਈ ਨਾ ਕੋਈ ਵਿਅਕਤੀ ਡਿਗਦਾ ਹੀ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਇਸ ਸੰਬੰਧੀ ਪਹਿਲਾਂ ਵੀ ਕਈ ਵਾਰ ਸੰਬੰਧਿਤ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਕਿ ਇਸ ਨਾਲੇ ਨੂੰ ਢਕਿਆ ਜਾਵੇ, ਦੇ ਬਾਵਜੂਦ ਸਥਿਤੀ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ | ਸ਼ਾਇਦ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਹੋਰ ਕਿਸੇ ਵਿਅਕਤੀ ਦੇ ਇਸ ਨਾਲੇ 'ਚ ਡਿੱਗਣ ਦੀ ਉਡੀਕ ਕਰ ਰਿਹਾ ਹੈ | ਮੌਕੇ 'ਤੇ ਪਹੁੰਚੇ ਕੋਤਵਾਲੀ ਇੰਚਾਰਜ ਸੌਰਭ ਸਭਰਵਾਲ ਨੇ ਕਿਹਾ ਕਿ ਸਾਨੂੰ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ, ਜਿਸ ਸੰਬੰਧੀ ਅਸੀਂ ਜਾਂਚ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਇਹ ਵਿਅਕਤੀ ਫਿਸਲ ਕੇ ਨਾਲੇ 'ਚ ਗਿਰਿਆ ਹੋਇਆ ਲੱਗਦਾ ਜਾਂ ਕੋਈ ਹੋਰ ਕਾਰਨ ਹੈ ਅਸੀਂ ਇਸ ਸਬੰਧੀ ਜਾਂਚ ਕਰ ਰਹੇ |