ਰਾਜਪੁਰਾ, 18 ਫਰਵਰੀ (ਰਣਜੀਤ ਸਿੰਘ)-ਭਾਵੇਂ ਕਿ ਹਾਲੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਾਲ ਦੇ ਕਰੀਬ ਸਮਾਂ ਪਿਆ ਹੈ | ਚੋਣ ਬਿਗਲ ਵੱਜਣ ਤੋਂ ਪਹਿਲਾਂ ਹੀ ਸ਼ਹਿਰ ਦੇ ਕੋਨੇ ਕੋਨੇ ਵਿਚ ਲੱਗੇ ਫਲੈਕਸ ਬੋਰਡਾਂ ਨੇ ਨਵੀਂ ਰਾਜਨੀਤਿਕ ਚਰਚਾ ਛੇੜ ਦਿੱਤੀ ਹੈ | ਸੱਤਾਧਾਰੀ ਧਿਰ ਵਲੋਂ ਫਲੈਕਸਾਂ ਦੇ ਲਿਖਿਆ ਤਾਂ ਚਾਹ ਦੇ ਕੱਪ ਦੀ ਸਾਂਝ ਗਿਆ ਹੈ ਪਰ ਇਸ ਵਿਚੋਂ ਕਿਤੇ ਨਾ ਕਿਤੇ ਵਿਧਾਇਕ ਦੀ ਟਿਕਟ ਦੀ ਦਾਅਵੇਦਾਰੀ ਦੀ ਚਾਹ ਨਜਰੀ ਪੈ ਰਹੀ ਹੈ | ਜਦ ਕਿ ਆਗੂ ਦਾ ਕਹਿਣਾ ਹੈ ਕਿ ਉਹ ਤਾਂ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਟਿਕਟ ਦੀ ਕੋਈ ਚਾਹ ਨਹੀਂ ਹੈ | ਜਾਣਕਾਰੀ ਮੁਤਾਬਕ ਪੰਜਾਬ ਵਿਚ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਇਸ ਲਈ ਪਾਰਟੀ ਆਗੂ ਆਪਣੀ ਵਿਧਾਇਕੀ ਦੀ ਟਿਕਟ ਪੱਕੀ ਕਰਨ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ | ਇਨ੍ਹਾਂ ਵਿਚ ਸਭ ਤੋਂ ਜਿਆਦਾ ਜਿਹੜੀ ਜੰਗ ਸ਼ੁਰੁੂ ਹੋਈ ਹੈ ਉਹ ਹੈ ਫਲੈਕਸ ਬੋਰਡਾਂ ਦੀ ਜੰਗ | ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਸੂਦ ਨੇ ਸ਼ਹਿਰ ਵਿਚ ਫਲੈਕਸ ਬੋਰਡ ਲਾਏ ਹਨ ਅਤੇ ਇਨ੍ਹਾਂ 'ਤੇ ਲਿਖਿਆ ਹੈ ਕਿ ਚਾਹ ਦੀ ਸਾਂਝ | ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਨਾਲੇ ਚਾਹ ਦਾ ਕੱਪ ਸਾਂਝਾ ਕੀਤਾ ਜਾਵੇਗਾ ਅਤੇ ਨਾਲੇ ਹਲਕਾ ਵਾਸੀਆਂ ਦੀਆਂ ਜੋ ਵੀ ਸਮੱਸਿਆਵਾਂ ਹਨ ਉਨ੍ਹਾਂ ਨੂੰ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਜਦ ਕਿ ਰਾਜਨੀਤਿਕ ਪੰਡਤਾਂ ਨੇ ਇਹ ਟੇਵੇ ਲਾਊਣੇ ਸ਼ੁਰੂ ਕਰ ਦਿੱਤੇ ਹਨ ਕਿ ਚਾਹ ਦੇ ਕੱਪ ਦੀ ਸਾਂਝ ਦੇ ਨਾਲ ਨਾਲ ਵਿਧਾਇਕੀ ਦੀ ਟਿਕਟ ਦੀ ਚਾਹ ਵੀ ਇਸ ਚਾਹ ਦੇ ਕੱਪ ਵਿਚੋਂ ਝਲਕਾਰੇ ਮਾਰਦੀ ਵਿਖਾਈ ਦੇ ਰਹੀ ਹੈ | ਦੱਸਣਯੋਗ ਹੈ ਕਿ ਦੀਪਕ ਸੂਦ ਆਪ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਉਹ ਸਾਲ 2017 ਅਤੇ ਸਾਲ 2022 ਵਿਚ ਪਾਰਟੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਸਨ | ਪਾਰਟੀ ਨੇ ਉਨ੍ਹਾਂ ਨੂੰ ਟਿਕਟ ਭਾਵੇਂ ਨਹੀਂ ਦਿੱਤੀ ਪਰ ਉਨ੍ਹਾਂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਹੇੈ | ਵੇੈਸੇ ਵੀ ਪੰਜਾਬ ਦੇ ਪਰਬੱਤ ਕੱਦ ਆਗੂਆਂ ਨਾਲ ਉਨ੍ਹਾਂ ਦੀ ਸਾਂਝ ਕਿਸੇ ਤੋਂ ਲੁੱਕੀ ਹੋਈ ਨਹੀਂ ਹੈ | ਭਾਵੇਂ ਕਿ ਸ਼ਹਿਰ ਵਿਚ ਹੋਰਨਾਂ ਆਗੂਆਂ ਨੇ ਵੀ ਆਪੋ ਆਪਣੇ ਫਲੈਕਸ ਬੋਰਡ ਲਾਏ ਹੋਏ ਹਨ ਪਰ ਦੀਪਕ ਸੂੂਦ ਵਲੋਂ ਲਾਏ ਜਾ ਰਹੇ ਫਲੈਕਸ ਬੋਰਡਾਂ ਨੇ ਸ਼ਹਿਰ ਦੀ ਰਾਜਨੀਤਿਕ ਹਵਾ ਇਕ ਤਰ੍ਹਾਂ ਨਾਲ ਹਨੇੇਰੀ ਬਣਾ ਦਿੱਤੀ ਹੈ | ਆਮ ਲੋਕਾਂ ਦਾ ਮੰਨਣਾ ਹੈ ਕਿ ਫਲੈਕਸ ਬੋਰਡਾਂ ਰਾਹੀ ਇਕ ਤਰ੍ਹਾਂ ਨਾਲ ਸਿਆਸੀ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਜਦੋ ਚੇਅਰਮੈਨ ਦੀਪਕ ਸੁੂਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਪਾਰਟੀ ਟਿਕਟ ਕਿਸ ਨੂੰ ਦੇਣੀ ਹੈ ਇਹ ਪਾਰਟੀ ਹਾਈ ਕਮਾਂਡ ਨੇ ਵੇਖਣਾ ਹੈੈ |