22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਮਾਮਲਾ ਬਲਾਕ ਸੰਮਤੀ ਦੀ ਚੇਅਰਮੈਨੀ ਦੀ ਚੋਣ ਦਾ ਹਲਕੇ ਦੀ ਸਿਆਸੀ ਹਨੇਰੀ ਵਿਚ ਉਡੀਆਂ ਵਫ਼ਾਦਾਰੀਆਂ, ਕਾਂਗਰਸ ਪਾਰਟੀ ਨੰੂ ਲੱਗਾ ਹਾਈ ਵੋਲਟੇਜ ਝਟਕਾ

ਅਜੀਤ ਡੈਸਕ 18-02-2026
ਰਾਜਪੁਰਾ, 17 ਫਰਵਰੀ (ਰਣਜੀਤ ਸਿੰਘ)-ਬੀਤੇ ਦਿਨੀਂ ਹੋਈਆਂ ਬਲਾਕ ਸੰਮਤੀ ਦੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਵੱਡੇ ਪੱਧਰ 'ਤੇ ਜਿੱਤ ਹਾਸਲ ਕੀਤੀ ਸੀ ਅਤੇ ਹਲਕੇ ਦੀਆਂ 15 ਸੀਟਾਂ ਵਿਚੋਂ 8 ਸੀਟਾਂ ਤੇ ਕਾਂਗਰਸ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕਰਕੇ ਬੱਲੇ ਬੱਲੇ ਕਰਵਾ ਦਿੱਤੀ ਸੀ | ਪਰ ਹੁਣ ਕਾਂਗਰਸੀ ਪਾਰਟੀ ਦੇ ਜਿੱਤੇ ਹੋਏ ਆਗੂ ਨੇ ਕਾਂਗਰਸ ਦਾ ਹੱਥ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਗਿਆ ਹੈ | ਇਹ ਰਾਜਨੀਤਕ ਸ਼ਤਰੰਜੀ ਚਾਲ ਨਾਲ ਜਿਥੇ ਕਾਂਗਰਸ ਲਈ ਹਾਈਵੋਲਟੇਜ ਝਟਕਾ ਸਾਬਤ ਹੋ ਰਹੀ ਹੈ, ਉੱਥੇ ਹੀ ਆਮ ਆਦਮੀ ਪਾਰਟੀ ਵਲੋਂ ਚੱਲੀ ਗਈ ਇਸ ਮੋਰ ਚਾਲ ਕਾਰਨ 'ਆਪ' ਆਗੂ ਪੈਲਾਂ ਪਾਉਂਦੇ ਵਿਖਾਈ ਦੇ ਰਹੇ ਹਨ | ਜਾਣਕਾਰੀ ਮੁਤਾਬਿਕ ਹਲਕੇ ਵਿਚ ਬਲਾਕ ਸੰਮਤੀ ਦੀਆਂ ਕੁੱਲ 15 ਸੀਟਾਂ ਹਨ ਉਨ੍ਹਾਂ ਵਿਚੋਂ ਕਾਂਗਰਸ ਪਾਰਟੀ ਨਾਲ ਸੰਬੰਧਿਤ 8 ਮੈਂਬਰਾਂ ਦੇ ਸਿਰ 'ਤੇ ਹਲਕੇ ਦੇ ਵੋਟਰਾਂ ਨੇ ਜਿੱਤ ਦਾ ਤਾਜ ਸਜਾਇਆ ਸੀ | ਸੱਤਾਧਾਰੀ ਧਿਰ ਦੇ 6 ਮੈਂਬਰ ਜਿੱਤੇ ਸਨ ਜਦ ਇਕ ਮੈਂਬਰ ਸ਼ੋ੍ਰਮਣੀ ਅਕਾਲੀ ਦਲ ਦਾ ਜਿੱਤਿਆ ਸੀ ਤੇ ਇਸ ਮੈਂਬਰ ਦੀ ਜੇਬ 'ਚ ਕਿੰਗ ਮੇਕਰ ਬਣਾਉਣ ਦੀ ਚਾਬੀ ਹੋਵੇਗੀ | ਇਸ ਹਿਸਾਬ ਨਾਲ ਕਾਂਗਰਸ ਪਾਰਟੀ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਇਨ੍ਹਾਂ ਦਾ ਚੇਅਰਮੈਨ ਬਣੇਗਾ ਪਰ ਰਾਜਨੀਤੀ ਤੇ ਸ਼ਤਰੰਜ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਦੋਂ ਬਾਜੀ ਪਲਟ ਜਾਵੇ | ਆਮ ਆਦਮੀ ਪਾਰਟੀ ਦੀ ਇਸ ਚਾਲ ਨਾਲ ਜਿਥੇ ਸੱਤਾਧਾਰੀ ਧਿਰ ਦੇ ਸਿਤਾਰੇ ਚਮਕਣ ਲੱਗ ਪਏ ਹਨ, ਉੱਥੇ ਹੀ ਇਹ ਚਾਲ ਕਾਂਗਰਸ ਲਈ ਅਗਨੀ ਬਾਣ ਸਾਬਤ ਹੋ ਸਕਦੀ ਹੈ | ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ ਬਲਵਿੰਦਰ ਸਿੰਘ ਨੇ ਹੁਣ ਪਾਲਾ ਬਦਲ ਕੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਹੈ | ਹੁਣ ਹਲਕੇ 'ਚ ਬਲਾਕ ਸੰਮਤੀ ਦੇ ਚੇਅਰਮੈਨ ਦੀ ਸਥਿਤੀ ਕਾਫੀ ਜ਼ਿਆਦਾ ਰੋਚਕਤਾ ਵਾਲੇ ਮੋੜ 'ਤੇ ਆ ਕੇ ਖੜ ਗਈ ਹੈ | ਹੁਣ ਸੱਤਾਧਾਰੀ ਧਿਰ ਤੇ ਕਾਂਗਰਸ ਪਾਰਟੀ ਕੋਲ ਸੱਤ ਸੱਤ ਮੈਂਬਰ ਹੋ ਗਏ ਹਨ ਪਰ ਹੁਣ ਅਕਾਲੀ ਦਲ ਦੇ ਮੈਂਬਰ ਵਲੋਂ ਜਿਤਿਆ ਹੋਇਆ ਮੈਂਬਰ ਪਤਾ ਨਹੀਂ ਕਿਸ ਦੀ ਰਾਜਨੀਤਕ ਤੱਕੜੀ 'ਚ ਪਾਸਕ ਪਾਵੇਗਾ | ਜੇਕਰ ਉਹ ਸੱਤਾਧਾਰੀ ਧਿਰ ਵੱਲ ਜਾਂਦਾ ਹੈ ਤਾਂ ਚੇਅਰਮੈਨ ਅਤੇ ਵਾਇਸ ਚੇਅਰਮੈਨ ਸੱਤਾਧਾਰੀ ਧਿਰ ਦਾ ਬਣ ਸਕਦਾ ਹੈ ਪਰ ਜੇਕਰ ਉਹ ਕਾਂਗਰਸ ਵੱਲ ਜਾਂਦਾ ਹੈ ਤਾਂ ਦੋਵੇਂ ਪਾਸੇ ਅੱਠ ਅੱਠ ਮੈਂਬਰ ਹੋ ਜਾਣਗੇ | ਇਕ ਵੋਟ ਹਲਕਾ ਵਿਧਾਇਕ ਦੀ ਹੁੰਦੀ ਹੈ | ਵਿਧਾਇਕ ਆਮ ਆਦਮੀ ਪਾਰਟੀ ਦਾ ਹੈ | ਇਸ ਲਈ ਅਕਾਲੀ ਦਲ ਦੇ ਮੈਂਬਰ ਦੀ ਪੁੱਛ ਪ੍ਰਤੀਤ ਜ਼ਿਆਦਾ ਵੱਧ ਗਈ ਹੈ | ਇਸ ਗੱਲ ਨੂੰ ਲੈ ਕੇ ਹਲਕੇ ਦੇ ਰਾਜਨੀਤਕ ਪੰਡਤਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਦੋਹਾਂ ਪਾਰਟੀਆਂ ਤੋਂ ਹੀ ਦੂਰੀ ਬਣਾ ਕੇ ਰੱਖਣ ਵਿਚ ਫ਼ਾਇਦਾ ਹੈ | ਇਸ ਸੰਬੰਧੀ ਹਲਕਾ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜੀ ਦਾ ਕਹਿਣਾ ਹੈ ਕਿ ਹਾਲੇ ਤਾਂ ਬਲਾਕ ਸੰਮਤੀ ਦੇ ਚੇਅਰਮੈਨ ਦੀ ਤਾਰੀਖ਼ ਵੀ ਨਹੀਂ ਆਈ | ਜਦੋ ਆਵੇਗੀ ਫਿਰ ਪਾਰਟੀ ਹਾਈ ਕਮਾਂਡ ਨਾਲ ਸ਼ਲਾਹ ਮਸ਼ਵਰਾ ਕੀਤਾ ਜਾਵੇਗਾ | ਇਸ ਸੰਬੰਧੀ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਾਰਟੀ ਵਰਕਰਾਂ ਨੇ ਦੱਸਿਆ ਕਿ ਬਲਵਿੰਦਰ ਸਿੰਘ ਤੇ ਕਾਫੀ ਜਿਆਦਾ ਰਾਜਨੀਤਿਕ ਦਬਾਅ ਪਾਇਆ ਗਿਆ ਹੈ |
ਪਿਛਲੀ ਖ਼ਬਰ ਸੇਂਟ ਕਬੀਰ ਕਾਲਜ ਵਿਖੇ ਐਨ.ਐੱਸ.ਐੱਸ ਕੈਂਪ ਲਗਾਇਆ ਅਗਲੀ ਖ਼ਬਰ ਕੌਸ਼ਲ ਜੋੜੀ ਨੇ ਸਕੂਲ ਵਿਦਿਆਰਥੀਆਂ ਨੂੰ ਬੈਗ ਦਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।