07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਖਨੌਰੀ-ਕੈਥਲ ਮਾਰਗ ਦੇ ਨਵੀਨੀਕਰਨ ਲਈ ਇਲਾਕਾ ਨਿਵਾਸੀਆਂ ਨੇ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੂੰ ਦਿੱਤਾ ਮੰਗ-ਪੱਤਰ

ਅਜੀਤ ਡੈਸਕ 30-01-2026
ਅਰਨੋਂ, 29 ਜਨਵਰੀ (ਦਰਸ਼ਨ ਸਿੰਘ ਪਰਮਾਰ)-ਖਨੌਰੀ-ਕੈਥਲ ਰੋਡ ਦੇ ਨਵੀਨੀਕਰਨ ਨੂੰ ਲੈ ਕੇ ਖਨੌਰੀ ਅਤੇ ਸ਼ੁਤਰਾਣਾ ਹਲਕੇ ਦੇ ਲੋਕਾਂ ਦੇ ਇਕ ਵਫ਼ਦ ਨੇ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰ ਇਸ ਸੜਕ ਦੇ ਮਾੜੇ ਹਾਲਤਾਂ ਅਤੇ ਲੋਕਾਂ ਨੂੰ ਹੋ ਰਹੀ ਭਾਰੀ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਇਸ ਸੜਕ ਨੂੰ ਮੁੜ ਤੋਂ ਨਵੀਂ ਬਣਾਉਣ ਲਈ ਮੰਗ ਪੱਤਰ ਸੌਂਪਿਆ ਗਿਆ | ਸਥਾਨਕ ਸਰਕਾਰ ਦੇ ਲਾਰੇ ਲੱਪਿਆਂ ਤੋਂ ਬੇਮੁੱਖ ਹੋ ਕੇ ਇਲਾਕੇ ਦੇ ਲੋਕਾਂ ਵਲੋਂ ਆਖਿਰ ਕਾਰ ਗੁਆਂਢੀ ਰਾਜ ਦੀ ਸਰਕਾਰ ਦਾ ਰੁੱਖ ਕੀਤਾ ਗਿਆ | ਇਸ ਸੰਬੰਧ ਵਿਚ ਮਾ. ਰਾਜਪਾਲ ਖਨੌਰੀ ਅਤੇ ਪ੍ਰੋ. ਅਮਨਦੀਪ ਸਿੰਘ ਨੇ ਦੱਸਿਆ ਕਿ ਖਨੌਰੀ ਤੋਂ ਕੈਥਲ ਰੋਡ ਦੀ ਮਾੜੀ ਹਾਲਤ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਿਛਲੇ ਦੋ-ਤਿੰਨ ਸਾਲਾਂ ਤੋਂ ਤਾਂ ਇਹ ਸੜਕ ਬੁਰੀ ਤਰ੍ਹਾਂ ਤੋਂ ਟੁੱਟੀ ਹੋਈ ਹੈ ਅਤੇ ਸੜਕ 'ਚ ਥਾਂ-ਥਾਂ ਡੂੰਘੇ ਟੋਏ ਪੈ ਚੁੱਕੇ ਹਨ | ਇਹ ਮਾਰਗ ਪੰਜਾਬ ਦੇ ਸੰਗਰੂਰ ਅਤੇ ਪਟਿਆਲਾ ਜ਼ਿਲਿ੍ਹਆਂ ਨੂੰ ਹਰਿਆਣਾ ਦੇ ਕੈਥਲ ਅਤੇ ਕੁਰੂਕਸ਼ੇਤਰ, ਕਰਨਾਲ ਜ਼ਿਲਿ੍ਹਆਂ ਨਾਲ ਜੋੜਨ ਵਾਲਾ ਮੁੱਖ ਮਾਰਗ ਹੈ | ਸੜਕ ਦੀ ਖਸਤਾ ਹਾਲਤ ਹੋਣ ਕਾਰਨ ਪਿਛਲੇ ਤਿੰਨ ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਇਸ ਮਾਰਗ 'ਤੇ ਪੁਰੀ ਤਰ੍ਹਾਂ ਬੰਦ ਪਈਆਂ ਹਨ ਜੋ ਕਿ ਰੂਟ ਬਦਲ ਕੇ ਹੋਰ ਪਾਸੋਂ ਦੀ ਚਲ ਰਹੀਆਂ ਹਨ | ਜਿਸ ਕਾਰਨ ਹਲਕਾ ਸ਼ੁਤਰਾਣਾ ਅਤੇ ਕੈਥਲ ਦੇ ਕਰੀਬ 12-13 ਪਿੰਡਾਂ ਦੇ ਲੋਕਾਂ ਦਾ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਬੱਸਾਂ ਦੇ ਬੰਦ ਹੋਣ ਦਾ ਸਭ ਤੋਂ ਵੱਧ ਨੁਕਸਾਨ ਸਕੂਲਾਂ ਅਤੇ ਕਾਲਜਾਂ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਹੋ ਰਿਹਾ ਹੈ | ਹਲਕੇ ਦੇ ਲੋਕਾਂ ਵਲੋਂ ਹਰਿਆਣਾ ਰਾਜ ਦੇ ਮੁੱਖ ਮੰਤਰੀ ਕੋਲ ਪਹੁੰਚ ਕੀਤੀ ਗਈ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਵਫ਼ਦ ਦੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਮੌਕੇ 'ਤੇ ਹੀ ਐਨ.ਐੱਚ.ਏ.ਆਈ. ਦੇ ਅਧਿਕਾਰੀਆਂ ਨੂੰ ਫ਼ੋਨ ਕਰਕੇ ਸੜਕ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ | ਅਧਿਕਾਰੀਆਂ ਵਲੋਂ ਵੀ ਭਰੋਸਾ ਦਿੱਤਾ ਗਿਆ ਹੈ ਕਿ ਸੜਕ ਦੇ ਨਵੀਨੀਕਰਨ ਦਾ ਕੰਮ ਆਉਣ ਵਾਲੇ ਕੁੱਝ ਦਿਨਾਂ 'ਚ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ | ਇਸ ਦੌਰਾਨ ਜਸਪਾਲ ਰਾਮ ਅੰਨਦਾਣਾ, ਜਸਵੀਰ ਸਿੰਘ ਸਰਾਂਓ, ਬਲਰਾਜ ਸ਼ਰਮਾ, ਪਰਮਿੰਦਰ ਸਿੰਘ ਸਾਗਰਾ, ਸੁਰੇਸ਼ ਕੁਮਾਰ ਸ਼ਰਮਾ ਅਤੇ ਡਾ. ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਪਟਿਆਲਾ ਦੇ ਸਰਕਾਰੀ ਸਕੂਲਾਂ ਲਈ ਦਾਖ਼ਲਾ ਮੁਹਿੰਮ-2026 ਦਾ ਆਗਾਜ਼ ਅਗਲੀ ਖ਼ਬਰ 27.25 ਲੱਖ ਦੀ ਲਾਗਤ ਨਾਲ ਇੰਟਰਲਾਕ ਸੜਕ ਦਾ ਕੰਮ ਜਾਰੀ-ਮੇਅਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।