17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪਾਵਰਕਾਮ ਦੇ ਮੀਟਰ ਰੀਡਰਾਂ ਦੀ ਹੜਤਾਲ ਦੇ ਬਾਵਜੂਦ ਖਪਤਕਾਰਾਂ ਨੂੰ ਆ ਰਹੇ ਬਿੱਲਾਂ ਦੇ ਸੁਨੇਹੇ

ਅਜੀਤ ਡੈਸਕ 29-01-2026
ਭੁੱਨਰਹੇੜੀ, 28 ਜਨਵਰੀ (ਧਨਵੰਤ ਸਿੰਘ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਦੇ ਆਊਟਸੋਰਸ ਬਿਲਿੰਗ ਮੀਟਰ ਰੀਡਰ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਦਫ਼ਤਰ ਅੱਗੇ ਪੱਕਾ ਮੋਰਚਾ ਲਗਾ ਕੇ ਹੜਤਾਲ 'ਤੇ ਬੈਠੇ ਹੋਏ ਹਨ | ਇਸ ਹੜਤਾਲ ਕਾਰਨ ਵੱਖ ਵੱਖ ਇਲਾਕਿਆਂ ਵਿਚ ਮੀਟਰ ਰੀਡਿੰਗ ਦਾ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੋਇਆ ਹੈ | ਪਰ ਘਰੇਲੂ ਖਪਤਕਾਰਾਂ ਨੂੰ ਮੀਟਰ ਰੀਡਿੰਗ ਨਾ ਹੋਣ ਦੇ ਬਾਵਜੂਦ ਪਾਵਰਕੌਮ ਵਲੋਂ ਮੋਬਾਈਲ ਫੋਨਾਂ ਰਾਹੀਂ ਬਿਜਲੀ ਬਿੱਲਾਂ ਦੇ ਮੈਸੇਜ ਭੇਜ ਦਿੱਤੇ ਗਏ ਹਨ, ਜੋ ਕਿ ਬਹੁਤ ਜ਼ਿਆਦਾ ਰਕਮ ਵਾਲੇ ਹਨ | ਖਪਤਕਾਰਾਂ ਨੇ ਦੱਸਿਆ ਕਿ ਕੜਕਦੀ ਸਰਦੀ ਵਿਚ ਅਚਾਨਕ ਆਏ ਵੱਡੇ ਬਿੱਲਾਂ ਨੇ ਉਨ੍ਹਾਂ ਦੀ ਨੀਂਦ ਉਡਾ ਦਿੱਤੀ ਹੈ | ਕਈ ਘਰੇਲੂ ਖਪਤਕਾਰਾਂ ਨੂੰ ਪੰਜ, ਦਸ ਹਜ਼ਾਰ ਰੁਪਏ ਤੋਂ ਵੀ ਜ਼ਿਆਦਾ ਬਿੱਲ ਭੇਜ ਦਿੱਤੇ ਗਏ | ਜਿਸ ਕਰਕੇ ਖਪਤਕਾਰ ਪਾਵਰਕੌਮ ਦੇ ਦਫ਼ਤਰਾਂ ਦੇ ਚੱਕਰ ਲਗਾਉਣ ਲਈ ਮਜਬੂਰ ਹਨ, ਪਰ ਸੰਬੰਧਤ ਅਧਿਕਾਰੀ ਵੀ ਇਸ ਸੰਬੰਧੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਰਹੇ | ਘਰੇਲੂ ਖਪਤਕਾਰਾਂ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਦੌਰਾਨ ਉਨ੍ਹਾਂ ਦੇ ਬਿਜਲੀ ਬਿੱਲ ਜ਼ੀਰੋ ਆਉਂਦੇ ਰਹੇ ਸਨ ਕਿਉਂਕਿ ਪੰਜਾਬ ਸਰਕਾਰ ਵਲੋਂ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਹੋਈ ਹੈ | ਪਰ ਹੁਣ ਸਰਦੀ ਦੇ ਮੌਸਮ ਵਿਚ ਅਚਾਨਕ ਭਾਰੀ ਬਿੱਲ ਆਉਣਾ ਸਮਝ ਤੋਂ ਪਰੇ ਹਨ | ਖਪਤਕਾਰਾਂ ਦਾ ਦੋਸ਼ ਹੈ ਕਿ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਪਾਵਰਕੌਮ ਵਲੋਂ ਅਸਲ ਰੀਡਿੰਗ ਲੈਣ ਦੀ ਬਜਾਏ ਆਪਣੇ ਅੰਦਾਜ਼ੇ ਅਨੁਸਾਰ ਬਿੱਲ ਤਿਆਰ ਕਰਕੇ ਭੇਜੇ ਜਾ ਰਹੇ ਹਨ | ਖਪਤਕਾਰਾਂ ਨੇ ਇਹ ਵੀ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਹੈ | ਕਿ ਬਿੱਲਾਂ ਵਿੱਚ ਸਰਕਾਰ ਵਲੋਂ ਦਿੱਤੀ ਜਾਣ ਵਾਲੀ 300 ਯੂਨਿਟ ਮੁਫ਼ਤ ਬਿਜਲੀ ਦੀ ਸਬਸਿਡੀ ਵੀ ਸ਼ਾਮਲ ਨਹੀਂ ਕੀਤੀ ਗਈ | ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਕਾਗਰਸ ਪਾਰਟੀ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਨੇ ਕਿਹਾ ਕਿ ਘਰੇਲੂ ਖੱਪਤਕਾਰਾਂ ਨੂੰ ਇਸ ਰਾਂ ਬਿੱਲ ਭੇਜਣਾ ਉਚਿੱਤ ਨਹੀਂ | ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਅਤੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੂੰ ਮੀਟਰ ਰੀਡਰਾਂ ਦੀਆਂ ਸੱਮਸਿਆਵਾ ਦਾ ਹੱਲ ਕੱਢਣਾ ਚਾਹੀਦਾ ਹੈ ਅਤੇ ਜਦ ਤੱਕ ਅਸਲ ਮੀਟਰ ਰੀਡਿੰਗ ਨਹੀਂ ਹੁੰਦੀ, ਤਦ ਤੱਕ ਅੰਦਾਜ਼ੇ ਅਧਾਰਿਤ ਭੇਜਣੇ ਸਰਾਸਰ ਗਲਤ ਹਨ | ਇਹ ਬਿੱਲ ਰੱਦ ਕੀਤੇ ਜਾਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਕਾਂਗਰਸੀ ਆਗੂ ਨੇ ਇਹ ਵੀ ਦੋਸ਼ ਲਾਇਆ ਕਿ ਪਾਣੀ ਵਾਲੀ ਟੈਂਕੀਆਂ ਦੇ ਬਿੱਲ ਤਤਕਾਲੀ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਮਾਫ ਕੀਤੇ ਗਏ ਸਨ | ਪਰ ਇਹ ਸਰਕਾਰ ਪੰਚਾਇਤ ਦੇ ਫੰਡਾਂ ਵਿਚੋਂ ਭਰਵਾਉਣ ਲਈ ਤਰਲੋਮੱਛੀ ਹੋ ਰਹੀ ਹੈ |
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਨਿਰੀਖਣ ਤੇ ਆਪ੍ਰੇਸ਼ਨ ਕੈਂਪ 1 ਨੂੰ ਅਗਲੀ ਖ਼ਬਰ ਕਾਂਗਰਸ ਕਮੇਟੀ ਨੇ ਮਨਾਇਆ ਗਣਤੰਤਰ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।