ਦੇਵੀਗੜ੍ਹ, 28 ਜਨਵਰੀ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਸਮਾਜ ਸੇਵਾ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੀ ਸੰਸਥਾ 'ਉਮੰਗ ਵੈਲਫੇਅਰ ਫਾਊਾਡੇਸ਼ਨ' ਦੇ ਮੈਂਬਰਾਂ ਨੂੰ ਜ਼ਿਲ੍ਹਾ ਪੱਧਰੀ ਐਵਾਰਡ ਮਿਲਣ 'ਤੇ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ | ਗਣਤੰਤਰ ਦਿਵਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਨਮਾਨਿਤ ਕੀਤੇ ਗਏ ਸੰਸਥਾ ਦੇ ਮੈਂਬਰਾਂ ਨੇ ਅੱਜ ਰਣਜੋਧ ਸਿੰਘ ਹਡਾਣਾ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ | ਇਸ ਮੌਕੇ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਇਹ ਐਵਾਰਡ ਸਿਰਫ਼ ਵਿਅਕਤੀਗਤ ਪ੍ਰਾਪਤੀ ਨਹੀਂ, ਸਗੋਂ ਉਸ ਨਿਸ਼ਕਾਮ ਸੇਵਾ ਭਾਵਨਾ ਦਾ ਸਨਮਾਨ ਹੈ ਜੋ ਸਮਾਜ ਦੇ ਭਲੇ ਲਈ ਕੰਮ ਕਰਦੀ ਹੈ | ਉਨ੍ਹਾਂ ਕਿਹਾ ਕਿ ਉਮੰਗ ਸੰਸਥਾ ਦੀ ਟੀਮ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਹੇਠ ਸਿੱਖਿਆ, ਸਿਹਤ ਅਤੇ ਕਾਨੂੰਨੀ ਜਾਗਰੂਕਤਾ ਲਈ ਸ਼ਲਾਘਾਯੋਗ ਕੰਮ ਕਰ ਰਹੀ ਹੈ | ਅਨੁਰਾਗ ਅਚਾਰਿਆ ਤੇ ਯੋਗੇਸ਼ ਪਾਠਕ ਵਰਗੇ ਨੌਜਵਾਨ ਸਮਾਜ ਲਈ ਪ੍ਰੇਰਣਾ ਸਰੋਤ ਹਨ | ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਸਮਾਗਮ ਦੌਰਾਨ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਅਚਾਰਿਆ ਅਤੇ ਲੀਗਲ ਐਡਵਾਈਜ਼ਰ ਤੇ ਖ਼ਜ਼ਾਨਚੀ ਯੋਗੇਸ਼ ਪਾਠਕ ਨੂੰ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਸਿੱਖਿਆ ਮੰਤਰੀ ਵਲੋਂ ਸਨਮਾਨਿਤ ਕੀਤਾ ਗਿਆ ਸੀ | ਇਸ ਪ੍ਰਾਪਤੀ ਨਾਲ ਸੰਸਥਾ ਦੇ ਸਮੂਹ ਮੈਂਬਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਸਮਾਗਮ ਦੌਰਾਨ ਹਡਾਣਾ ਦੇ ਨਾਲ ਚੇਅਰਮੈਨ ਜਸਬੀਰ ਸਿੰਘ ਕੁਦਨੀ, ਅਵਤਾਰ ਸਿੰਘ ਚੰਦੀ (ਯੂ.ਐਸ.ਏ.), ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਘੁੰਮਣ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ | ਰਣਜੋਧ ਸਿੰਘ ਹਡਾਣਾ ਨੇ ਉਮੀਦ ਜਤਾਈ ਕਿ ਇਹ ਸੰਸਥਾ ਭਵਿੱਖ ਵਿੱਚ ਵੀ ਨੌਜਵਾਨ ਪੀੜ੍ਹੀ ਨੂੰ ਸਮਾਜ ਸੇਵਾ ਦੇ ਰਾਹ 'ਤੇ ਤੁਰਨ ਲਈ ਪ੍ਰੇਰਿਤ ਕਰਦੀ ਰਹੇਗੀ |