13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸੰਯੁਕਤ ਕਿਸਾਨ ਮੋਰਚਾ ਵਲੋਂ ਪਟਿਆਲਾ ਸ਼ਹਿਰ 'ਚ ਕੀਤਾ ਟਰੈਕਟਰ ਮਾਰਚ

ਅਜੀਤ ਡੈਸਕ 28-01-2026
ਪਟਿਆਲਾ, 27 ਜਨਵਰੀ (ਗੁਰਵਿੰਦਰ ਸਿੰਘ ਔਲਖ)-ਗਣਤੰਤਰ ਦਿਵਸ ਮੌਕੇ ਸੰਯੁਕਤ ਕਿਸਾਨ ਮੋਰਚਾ ਪਟਿਆਲਾ ਵਲੋਂ ਕਿਸਾਨੀ ਤੇ ਆਮ ਲੋਕਾਂ ਨਾਲ ਜੁੜੇ ਮਸਲਿਆਂ ਨੂੰ ਉਭਾਰਨ ਲਈ ਸ਼ਹਿਰ ਵਿਚ ਵੱਡੇ ਪੱਧਰ 'ਤੇ ਟਰੈਕਟਰ ਮਾਰਚ ਕੀਤਾ ਗਿਆ | ਪੁੱਡਾ ਗਰਾਊਾਡ ਵਿਚ ਇਕੱਠੇ ਹੋਣ ਉਪਰੰਤ ਟਰੈਕਟਰਾਂ, ਜੀਪਾਂ, ਕਾਰਾਂ ਅਤੇ ਮੋਟਰਸਾਈਕਲਾਂ ਦੇ ਵਿਸ਼ਾਲ ਕਾਫ਼ਲੇ ਰਾਹੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਮਾਰਚ ਕੱਢਿਆ ਗਿਆ, ਜਿਸ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮਾਰਚ ਦੀ ਅਗਵਾਈ ਬਲਰਾਜ ਜੋਸ਼ੀ, ਸੁਰਜੀਤ ਸਿੰਘ ਲਚਕਾਣੀ, ਸੁਖਵਿੰਦਰ ਤੁੱਲੇਵਾਲ, ਦਰਸ਼ਨ ਬੇਲੂਮਾਜਰਾ, ਦਵਿੰਦਰ ਸਿੰਘ ਪੂਨੀਆ ਅਤੇ ਜੈ ਰਾਮ ਭਾਨਰਾ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਮਾਰਚ ਦੌਰਾਨ ਕੇਂਦਰ ਸਰਕਾਰ ਤੋਂ ਬਿਜਲੀ ਬਿਲ, ਬੀਜ ਬਿਲ, ਚਾਰ ਲੇਬਰ ਕੋਡ ਅਤੇ ਮਨਰੇਗਾ ਸੋਧ ਕਾਨੂੰਨ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ | ਕਿਸਾਨ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਬਿਜਲੀ ਵੰਡ ਦੇ ਨਿੱਜੀਕਰਨ ਨਾਲ ਸਬਸਿਡੀ ਖ਼ਤਮ ਹੋ ਜਾਵੇਗੀ ਅਤੇ ਕਾਰਪੋਰੇਟ ਘਰਾਨਿਆਂ ਵਲੋਂ ਖਪਤਕਾਰਾਂ ਦੀ ਅੰਨੀ ਲੁੱਟ ਕੀਤੀ ਜਾਵੇਗੀ | ਉਨ੍ਹਾਂ ਆਖਿਆ ਕਿ ਸਰਕਾਰ ਵਲੋਂ ਸਬਸਿਡੀ ਖਪਤਕਾਰਾਂ ਦੇ ਖਾਤਿਆਂ ਵਿਚ ਪਾਉਣ ਦੇ ਦਾਅਵੇ, ਘਰੇਲੂ ਗੈਸ ਸਬਸਿਡੀ ਵਾਂਗ ਹੀ ਜੁਮਲਾ ਸਾਬਤ ਹੋਣਗੇ | ਇਸ ਨਾਲ ਬਿਜਲੀ ਖੇਤਰ ਵਿਚ ਰੁਜ਼ਗਾਰ ਦੇ ਮੌਕੇ ਵੀ ਗੰਭੀਰ ਤੌਰ 'ਤੇ ਘਟ ਜਾਣਗੇ | ਬੁਲਾਰਿਆਂ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਵੱਡੀਆਂ ਕੰਪਨੀਆਂ ਵਲੋਂ ਬੀਜਾਂ 'ਤੇ ਕਬਜ਼ਾ ਹੋਣ ਨਾਲ ਸਮੁੱਚੀ ਖੇਤੀਬਾੜੀ ਕਾਰਪੋਰੇਟ ਹੱਥਾਂ ਵਿਚ ਚਲੀ ਜਾਵੇਗੀ | ਛੋਟੇ ਬੀਜ ਵਿਕਰੇਤਾ ਮਾਰਕੀਟ ਵਿਚੋਂ ਬਾਹਰ ਹੋ ਜਾਣਗੇ ਅਤੇ ਘਟੀਆ ਜਾਂ ਨਕਲੀ ਬੀਜਾਂ ਲਈ ਵੱਡੀਆਂ ਤੇ ਵਿਦੇਸ਼ੀ ਕੰਪਨੀਆਂ ਕਿਸੇ ਤਰ੍ਹਾਂ ਦੀ ਜਵਾਬਦੇਹੀ ਤੋਂ ਬਚ ਜਾਣਗੀਆਂ | ਇਸ ਮੌਕੇ ਕਿਸਾਨ ਆਗੂਆਂ ਵਲੋਂ ਐਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ, ਫ਼ਸਲੀ ਬੀਮਾ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਕਿਸਾਨਾਂ 'ਤੇ ਦਰਜ ਫ਼ਰਜ਼ੀ ਕੇਸ ਰੱਦ ਕਰਨ ਅਤੇ ਕਿਸਾਨਾਂ ਦੇ ਕਾਤਲਾਂ ਨੂੰ ਤੁਰੰਤ ਸਜ਼ਾਵਾਂ ਦੇਣ ਦੀ ਮੰਗ ਵੀ ਦੁਹਰਾਈ ਗਈ | ਮਾਰਚ ਵਿਚ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਪੂਨੀਆ, ਹਰਭਗਵਾਨ ਸਿੰਘ, ਅਵਤਾਰ ਫੱਗਣਮਾਜਰਾ, ਸੁਰਿੰਦਰ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਨੰਦਪੁਰ ਕੇਸ਼ੋ ਆਦਿ ਕਿਸਾਨ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਪਿੰਡ ਫ਼ੌਜੀ ਕਾਲੋਨੀ ਦੇ ਵਸਨੀਕਾਂ ਨੇ ਦਿੱਤੇ ਨਿਗੂਣੇ ਰਸਤੇ ਦੇ ਰੋਸ ਵਜੋਂ ਸੜਕ ਦਾ ਕੰਮ ਬੰਦ ਕਰਾ ਕੇ ਲਾਇਆ ਧਰਨਾ, ਕੀਤੀ... ਅਗਲੀ ਖ਼ਬਰ ਸੜਕ ਹਾਦਸੇ 'ਚ ਵਿਅਕਤੀ ਦੀ ਮੌਤ, ਪਤਨੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।