13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਤੇਜ਼ ਮੀਂਹ ਤੇ ਗੜੇਮਾਰੀ ਨਾਲ ਹਾੜ੍ਹੀ ਦੀਆਂ ਫ਼ਸਲਾਂ ਨੂੰ ਨੁਕਸਾਨ ਦਾ ਖ਼ਤਰਾ, ਕਿਸਾਨਾਂ ਦੀ ਚਿੰਤਾ ਵਧੀ

ਅਜੀਤ ਡੈਸਕ 28-01-2026
ਪਟਿਆਲਾ, 27 ਜਨਵਰੀ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਅਤੇ ਇਸ ਨਾਲ ਲੱਗਦੇ ਖੇਤੀਬਾੜੀ ਖੇਤਰਾਂ ਵਿਚ ਅੱਜ ਪਏ ਤੇਜ਼ ਮੀਂਹ ਅਤੇ ਕਈ ਥਾਵਾਂ 'ਤੇ ਹੋਈ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ | ਅਚਾਨਕ ਮੌਸਮੀ ਤਬਦੀਲੀ ਨਾਲ ਹਾੜੀ ਦੇ ਮੌਸਮ ਦੌਰਾਨ ਖੜ੍ਹੀਆਂ ਫਸਲਾਂ ਅਤੇ ਸਬਜ਼ੀਆਂ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਕਾਫੀ ਵੱਧ ਗਿਆ ਹੈ | ਖ਼ਾਸ ਕਰਕੇ ਮਟਰ, ਟਮਾਟਰ ਅਤੇ ਆਲੂ ਦੀ ਫ਼ਸਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਖੇਤੀ ਮਾਹਿਰਾਂ ਅਨੁਸਾਰ ਗੜੇ ਵੱਜਣ ਨਾਲ ਮਟਰ ਦੀਆਂ ਫਲੀਆਂ ਦਾਗੀ ਹੋ ਜਾਂਦੀਆਂ ਹਨ, ਜਿਸ ਕਾਰਨ ਉਹ ਮੁੜ ਵਧਣ ਦੇ ਯੋਗ ਨਹੀਂ ਰਹਿੰਦੀਆਂ ਅਤੇ ਪੈਦਾਵਾਰ 'ਤੇ ਸਿੱਧਾ ਮਾੜਾ ਅਸਰ ਪੈਂਦਾ ਹੈ | ਇਸੇ ਤਰ੍ਹਾਂ ਪੱਕਾ ਹੋ ਰਿਹਾ ਟਮਾਟਰ ਗੜਿਆਂ ਨਾਲ ਦਾਗੀ ਹੋਣ 'ਤੇ ਜਲਦੀ ਖਰਾਬ ਹੋ ਜਾਂਦਾ ਹੈ ਅਤੇ ਮੰਡੀ ਵਿਚ ਵੇਚਣ ਯੋਗ ਨਹੀਂ ਰਹਿੰਦਾ | ਇਸ ਸਬੰਧੀ ਕਿਸਾਨ ਤਰਸੇਮ ਸਿੰਘ, ਗੁਰਮੁਖ ਸਿੰਘ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਪਏ ਮੀਂਹ ਕਾਰਨ ਕਈ ਖੇਤਾਂ ਵਿਚ ਪਹਿਲਾਂ ਹੀ ਪਾਣੀ ਖੜ੍ਹਾ ਸੀ ਅਤੇ ਅੱਜ ਮੁੜ ਪਏ ਮੀਂਹ ਨਾਲ ਖੇਤ ਫਿਰ ਤੋਂ ਪਾਣੀ ਨਾਲ ਭਰ ਗਏ ਹਨ | ਉਨ੍ਹਾਂ ਆਖਿਆ ਕਿ ਇਸ ਕਾਰਨ ਜਿਹੜੇ ਆਲੂ ਹੁਣ ਤੱਕ ਪਟੇ ਨਹੀਂ ਗਏ, ਉਨ੍ਹਾਂ ਦੇ ਗਲਣ ਦੇ ਆਸਾਰ ਬਣ ਗਏ ਹਨ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ | ਇਸ ਤੋਂ ਇਲਾਵਾ ਗੜੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਹਾੜੀ ਦੀਆਂ ਮੁੱਖ ਫਸਲਾਂ ਕਣਕ ਅਤੇ ਸਰੋਂ 'ਤੇ ਵੀ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ | ਕਣਕ ਦੀ ਫਸਲ ਇਸ ਵੇਲੇ ਬੱਲੀ ਬਣਨ ਦੇ ਸੰਵੇਦਨਸ਼ੀਲ ਮਰਹਲੇ ਵਿਚ ਹੈ, ਜਦਕਿ ਸਰੋਂ ਦੇ ਫੁੱਲ ਅਤੇ ਫਲੀਆਂ ਝੜਨ ਨਾਲ ਉਪਜ ਘਟ ਸਕਦੀ ਹੈ | ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇ ਮੌਸਮੀ ਮਾਰ ਕਾਰਨ ਫਸਲਾਂ ਨੂੰ ਨੁਕਸਾਨ ਹੋਇਆ ਹੈ ਤਾਂ ਤੁਰੰਤ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਵਾਜਬ ਮੁਆਵਜ਼ਾ ਦਿੱਤਾ ਜਾਵੇ¢
ਪਿਛਲੀ ਖ਼ਬਰ ਪੁਲਿਸ ਨੇ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਜਥੇਦਾਰ ਸਹੌਲੀ ਨੂੰ ਕੀਤਾ ਰੈੱਸਟ ਹਾਊਸ 'ਚ ਨਜ਼ਰਬੰਦ ਅਗਲੀ ਖ਼ਬਰ ਪੁਲਿਸ ਨੇ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਜਥੇਦਾਰ ਸਹੌਲੀ ਨੂੰ ਕੀਤਾ ਰੈੱਸਟ ਹਾਊਸ 'ਚ ਨਜ਼ਰਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।