ਬਨੂੜ, 20 ਜਨਵਰੀ (ਭੁਪਿੰਦਰ ਸਿੰਘ)-ਬਨੂੜ ਦੇ ਹੋਲੀ ਮੇਰੀ ਸਕੂਲ ਨੇੜੇ ਸਥਿਤ ਜਿੰਮ ਕੋਲ ਰਹਿਣ ਵਾਲੇ ਇਕ ਐਨ.ਆਰ.ਆਈ. ਨੇ ਰੱਖੇ ਪਾਕਿਸਤਾਨੀ ਬੁੱਲੀ ਕੁੱਤੇ ਵਲੋਂ ਇਕ 60 ਸਾਲਾ ਬਜ਼ੁਰਗ ਔਰਤ ਅਤੇ 23 ਸਾਲਾਂ ਨੌਜਵਾਨ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਬਜ਼ੁਰਗ ਔਰਤ ਤਰਸੇਮ ਕੌਰ ਪਤਨੀ ਸਵ. ਸਰਦਾਰਾ ਸਿੰਘ ਦੇ ਪੁੱਤਰ ਵਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਜਿੰਮ ਦੇ ਨੇੜੇ ਰਹਿੰਦੀ ਹੈ | ਜਦੋਂ ਮੇਰੀ ਮਾਤਾ ਉਸ ਦੇ ਘਰ ਜਾ ਰਹੀ ਸੀ ਤਾਂ ਉਸ ਦੇ ਨਜ਼ਦੀਕ ਰਹਿਣ ਵਾਲੇ ਐਨ.ਆਰ.ਆਈ. ਦੇ ਪਾਕਿਸਤਾਨੀ ਬੁੱਲੀ ਨਸਲ ਦਾ ਕੁੱਤਾ ਗਲੀ 'ਚ ਜਾ ਰਹੀ ਉਸ ਦੀ ਮਾਤਾ ਨੂੰ ਵੱਢ ਰਿਹਾ ਸੀ ਤਾਂ ਇਕ ਨੌਜਵਾਨ ਗਗਨਦੀਪ ਸਿੰਘ ਬੱਬੂ ਨੇ ਉਸ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਨੇ ਉਸ ਨੂੰ ਵੀ ਵੱਢ ਲਿਆ ਤੇ ਦੋਵੇਂ ਜ਼ਖਮੀ ਹੋ ਗਏ | ਉਸ ਨੇ ਦੱਸਿਆ ਕਿ ਜ਼ਖਮੀ ਹੋਈ ਤਰਸੇਮ ਕੌਰ ਨੂੰ ਇਲਾਜ ਲਈ ਜ਼ੀਰਕਪੁਰ ਦੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹੈ | ਜਦ ਕਿ ਜ਼ਖਮੀ ਗਗਨਦੀਪ ਸਿੰਘ ਬੱਬੂ ਨੂੰ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਨੂੰ ਛੁੱਟੀ ਮਿਲ ਗਈ ਹੈ | ਉਸ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਥਾਣਾ ਬਨੂੜ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ | ਜਦੋਂ ਜਾਂਚ ਅਧਿਕਾਰੀ ਏ.ਐੱਸ.ਆਈ. ਜਸਵਿੰਦਰ ਪਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਐਨ.ਆਰ.ਆਈ. ਖ਼ਿਲਾਫ਼ ਲਿਖਤੀ ਸ਼ਿਕਾਇਤ ਮਿਲ ਗਈ ਹੈ ਅਤੇ ਜ਼ਖਮੀ ਬਜ਼ੁਰਗ ਔਰਤ ਤਰਸੇਮ ਕੌਰ ਦੇ ਬਿਆਨ ਹਾਸਿਲ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |