ਜੈਤੋ ਵਾਸੀ ਪਿਛਲੇ ਕਈ ਮਹੀਨਿਆਂ ਤੋਂ ਗੰਦਾ ਪਾਣੀ ਪੀਣ ਲਈ ਮਜਬੂਰ
ਜੈਤੋ, 7 ਨਵੰਬਰ (ਗੁਰਮੀਤਪਾਲ ਰੋੜੀਕਪੂਰਾ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਰੋੜਾਂ ਰੁਪਏ ਖਰਚਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਦੂਜੇ ਪਾਸੇ ਸਬੰਧਿਤ ਵਿਭਾਗਾਂ ਦੀ ਕਥਿਤ ਅਣਗਹਿਲੀ ਕਾਰਨ ਲੋਕ ਪੀਣ ਵਾਲੇ ਸਾਫ਼ ਪਾਣੀ ਵਰਗੀ ਮੁੱਢਲੀ ਸਹੂਲਤ ਤੋਂ ਵੀ ਵਾਂਝੇ ਹਨ। ਅਜਿਹਾ ਹੀ ਗੰਭੀਰ ਮਾਮਲਾ ਜੈਤੋ ਸ਼ਹਿਰ ਵਿਚ ਸਾਹਮਣੇ ਆ ਰਿਹਾ ਹੈ, ਜਿੱਥੇ ਸ਼ਹਿਰ ਵਾਸੀ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਕਥਿਤ ਤੌਰ ’ਤੇ ਦੂਸ਼ਿਤ ਪਾਣੀ ਦੀ ਸਪਲਾਈ ਮਿਲਣ ਕਾਰਨ ਪ੍ਰੇਸ਼ਾਨ ਹਨ।
ਜੈਤੋ, 7 ਨਵੰਬਰ (ਗੁਰਮੀਤਪਾਲ ਰੋੜੀਕਪੂਰਾ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਰੋੜਾਂ ਰੁਪਏ ਖਰਚਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਦੂਜੇ ਪਾਸੇ ਸਬੰਧਿਤ ਵਿਭਾਗਾਂ ਦੀ ਕਥਿਤ ਅਣਗਹਿਲੀ ਕਾਰਨ ਲੋਕ ਪੀਣ ਵਾਲੇ ਸਾਫ਼ ਪਾਣੀ ਵਰਗੀ ਮੁੱਢਲੀ ਸਹੂਲਤ ਤੋਂ ਵੀ ਵਾਂਝੇ ਹਨ। ਅਜਿਹਾ ਹੀ ਗੰਭੀਰ ਮਾਮਲਾ ਜੈਤੋ ਸ਼ਹਿਰ ਵਿਚ ਸਾਹਮਣੇ ਆ ਰਿਹਾ ਹੈ, ਜਿੱਥੇ ਸ਼ਹਿਰ ਵਾਸੀ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਕਥਿਤ ਤੌਰ ’ਤੇ ਦੂਸ਼ਿਤ ਪਾਣੀ ਦੀ ਸਪਲਾਈ ਮਿਲਣ ਕਾਰਨ ਪ੍ਰੇਸ਼ਾਨ ਹਨ। ਸ਼ਹਿਰ ਵਾਸੀਆਂ ਵਲੋਂ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਆਪਣਾ ਰੋਸ ਜ਼ਾਹਿਰ ਕਰਦਿਆਂ ਵਾਟਰ ਸਪਲਾਈ ਵਿਭਾਗ ਤੋਂ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਦਾ ਖ਼ਦਸ਼ਾ ਹੈ ਕਿ ਸੀਵਰੇਜ ਦਾ ਗੰਦਾ ਪਾਣੀ ਵਾਟਰ ਸਪਲਾਈ ਦੀਆਂ ਪਾਈਪਾਂ ਵਿਚ ਮਿਲ ਰਿਹਾ ਹੈ, ਜਿਸ ਕਾਰਨ ਘਰਾਂ ਵਿਚ ਆਉਣ ਵਾਲਾ ਪਾਣੀ ਪੀਣ ਯੋਗ ਨਹੀਂ ਰਹਿੰਦਾ। ਜੇਕਰ ਇਹ ਖ਼ਦਸ਼ਾ ਸਹੀ ਸਾਬਤ ਹੁੰਦਾ ਹੈ ਤਾਂ ਇਹ ਲੋਕਾਂ ਦੀ ਸਿਹਤ ਨਾਲ ਜੁੜਿਆ ਬੇਹੱਦ ਗੰਭੀਰ ਮਾਮਲਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸੀਵਰੇਜ ਵਿਭਾਗ ਵਲੋਂ ਲੰਮੇ ਸਮੇਂ ਤੋਂ ਸਮੱਸਿਆ ਦਾ ਢੁੱਕਵਾਂ ਹੱਲ ਨਾ ਕੀਤੇ ਜਾਣ ਕਾਰਨ ਹਾਲਾਤ ਵਿਗੜ ਰਹੇ ਹਨ। ਲੋਕਾਂ ਨੂੰ ਪੀਣ ਲਈ ਪਾਣੀ ਬਾਹਰੋਂ ਖਰੀਦਣਾ ਪੈ ਰਿਹਾ ਹੈ ਜਾਂ ਹੋਰ ਪ੍ਰਬੰਧ ਕਰਨੇ ਪੈ ਰਹੇ ਹਨ। ਇਸ ਸਥਿਤੀ ਵਿਚ ਸਭ ਤੋਂ ਵੱਧ ਮੁਸ਼ਕਿਲ ਆਮ ਅਤੇ ਗਰੀਬ ਪਰਿਵਾਰਾਂ ਨੂੰ ਝੱਲਣੀ ਪੈ ਰਹੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਅਤੇ ਵਾਟਰ ਸਪਲਾਈ ਵਿਭਾਗ ਦੀ ਸਾਂਝੀ ਟੀਮ ਵਲੋਂ ਤੁਰੰਤ ਪਾਣੀ ਦੇ ਸੈਂਪਲ ਲੈ ਕੇ ਜਾਂਚ ਕਰਵਾਈ ਜਾਵੇ। ਪਾਈਪਾਂ ਦੀ ਜਾਂਚ ਕਰਕੇ ਸੀਵਰੇਜ ਦੇ ਪਾਣੀ ਦੀ ਮਿਲਾਵਟ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ ਅਤੇ ਜਦੋਂ ਤੱਕ ਪਾਣੀ ਪੀਣ ਯੋਗ ਹੋਣ ਦੀ ਪੁਸ਼ਟੀ ਨਹੀਂ ਹੁੰਦੀ, ਉਦੋਂ ਤੱਕ ਲੋਕਾਂ ਨੂੰ ਸੁਰੱਖਿਅਤ ਪੀਣ ਵਾਲੇ ਪਾਣੀ ਦਾ ਬਦਲ ਮੁਹੱਈਆ ਕਰਵਾਇਆ ਜਾਵੇ। ਦੱਸਣਯੋਗ ਹੈ ਕਿ ਵਿਧਾਇਕ ਅਮੋਲਕ ਸਿੰਘ ਵਲੋਂ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਲਈ ਵੱਡਾ ਪ੍ਰਾਜੈਕਟ ਤਿਆਰ ਕਰਕੇ ਵਿਭਾਗ ਨੂੰ ਸੌਂਪਿਆ ਗਿਆ ਸੀ, ਪਰ ਇਸ ਦੇ ਬਾਵਜੂਦ ਸ਼ਹਿਰ ਦਾ ਵੱਡਾ ਹਿੱਸਾ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਪ੍ਰਾਜੈਕਟ ਸਬੰਧੀ ਕੀਤੀ ਗਈ ਕਾਰਵਾਈ ਅਤੇ ਇਸ ਨੂੰ ਅਮਲੀ ਰੂਪ ਦੇਣ ਵਿਚ ਹੋ ਰਹੀ ਦੇਰੀ ਵੀ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਪਣੀ ਡਿਊਟੀ ਪ੍ਰਤੀ ਅਣਗਹਿਲੀ ਵਰਤਣ ਅਤੇ ਲੋਕਾਂ ਦੀ ਸਿਹਤ ਨਾਲ ਕਥਿਤ ਖਿਲਵਾੜ ਕਰਨ ਵਾਲੇ ਸਬੰਧਿਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਅਧਿਕਾਰੀਆਂ ਦੀ ਗੰਭੀਰ ਲਾਪਰਵਾਹੀ ਸਾਬਤ ਹੁੰਦੀ ਹੈ ਤਾਂ ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕਾਂ ਨੇ ਸਵਾਲ ਕੀਤਾ ਕਿ ਜਦੋਂ ਸ਼ਹਿਰ ਵਾਸੀਆਂ ਨੂੰ ਪੀਣ ਲਈ ਸਾਫ਼ ਪਾਣੀ ਹੀ ਨਸੀਬ ਨਹੀਂ ਹੋ ਰਿਹਾ ਤਾਂ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਅਤੇ ਸਰਕਾਰੀ ਦਾਅਵਿਆਂ ਦਾ ਕੀ ਲਾਭ? ਉਨ੍ਹਾਂ ਮੰਗ ਕੀਤੀ ਕਿ ਬਿਆਨਾਂ ਅਤੇ ਭਰੋਸਿਆਂ ਦੀ ਬਜਾਏ ਤੁਰੰਤ ਜ਼ਮੀਨੀ ਪੱਧਰ ’ਤੇ ਕਾਰਵਾਈ ਕਰਕੇ ਹਰ ਘਰ ਤੱਕ ਸਾਫ਼ ਅਤੇ ਸੁਰੱਖਿਅਤ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ।