25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਤੇਜ਼ ਝੱਖੜ, ਮੀਂਹ ਤੇ ਗੜੇਮਾਰੀ ਕਰਕੇ ਖੇਤਾਂ ’ਚ ਫ਼ਸਲਾਂ ਵਿਛੀਆਂ ਕਈ ਮੰਡੀਆਂ ’ਚ ਫ਼ਸਲਾਂ ਦਾ ਹੋਇਆ ਭਾਰੀ ਨੁਕਸਾਨ

ਮੰਡੀ ਕਿੱਲਿਆਂਵਾਲੀ, 24 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਹਲਕਾ ਲੰਬੀ ਵਿੱਚ ਅੱਜ ਸ਼ਾਮ ਅਚਾਨਕ ਆਏ ਮੋਹਲੇਧਾਰ ਮੀਂਹ, ਭਾਰੀ ਗੜੇਮਾਰੀ ਤੇ ਤੇਜ਼ ਝੱਖੜ ਨੇ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਤੇਜ਼ ਹਵਾਵਾਂ ਕਾਰਨ ਪੱਕਿਆ ਝੋਨਾ ਖੇਤਾਂ ਵਿੱਚ ਵਿਛ ਗਿਆ ...

ਅਜੀਤ ਡੈਸਕ 25-10-2026

ਮੰਡੀ ਕਿੱਲਿਆਂਵਾਲੀ, 24 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਹਲਕਾ ਲੰਬੀ ਵਿੱਚ ਅੱਜ ਸ਼ਾਮ ਅਚਾਨਕ ਆਏ ਮੋਹਲੇਧਾਰ ਮੀਂਹ, ਭਾਰੀ ਗੜੇਮਾਰੀ ਤੇ ਤੇਜ਼ ਝੱਖੜ ਨੇ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਤੇਜ਼ ਹਵਾਵਾਂ ਕਾਰਨ ਪੱਕਿਆ ਝੋਨਾ ਖੇਤਾਂ ਵਿੱਚ ਵਿਛ ਗਿਆ ਅਤੇ ਮੰਜਰਾਂ ਵਿੱਚੋਂ ਦਾਣੇ ਝੜ ਕੇ ਮਿੱਟੀ ਵਿੱਚ ਰੁਲ ਗਏ। ਖੇਤਾਂ ਦੇ ਨਾਲ-ਨਾਲ ਮੰਡੀਆਂ ਵਿੱਚ ਪਈ ਫ਼ਸਲ ਦੀ ਗੁਣਵੱਤਾ ਵੀ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਖੇਤੀ ਵਿਭਾਗ ਅਨੁਸਾਰ ਬਲਾਕ ਲੰਬੀ ਵਿੱਚ ਕਰੀਬ 50-51 ਹਜ਼ਾਰ ਏਕੜ ਰਕਬੇ ਵਿੱਚੋਂ ਹਾਲੇ ਸਿਰਫ਼ 9 ਤੋਂ 10 ਫ਼ੀਸਦ ਝੋਨੇ ਦੀ ਹੀ ਕਟਾਈ ਹੋਈ ਹੈ, ਕਰੀਬ 88 ਫ਼ੀਸਦ ਫ਼ਸਲ ਅਜੇ ਖੇਤਾਂ ਵਿੱਚ ਖੜੀ ਹੈ। ਮੁਢਲੀ ਜਾਣਕਾਰੀ ਮੁਤਾਬਕ ਮੌਸਮ ਦੇ ਬਦਲੇ ਮਿਜ਼ਾਜ ਕਰਕੇ ਪਿੰਡ ਮਾਨ, ਰੋੜਾਂਵਾਲੀ, ਫਤੂਹੀਖੇੜਾ, ਸਿੱਖਵਾਲਾ, ਬੀਦੋਵਾਲੀ, ਤਪਾਖੇੜਾ, ਦਿਉਣਖੇੜਾ ਤੇ ਚੰਨੂ ਸਮੇਤ ਕਈ ਪਿੰਡਾਂ ਵਿੱਚ ਝੋਨਾ ਫ਼ਸਲ ਦਾ ਭਾਰੀ ਨੁਕਸਾਨ ਦੱਸਿਆ ਜਾਂਦਾ ਹੈ। ਖੇਤਾਂ ਵਿੱਚ ਪਾਣੀ ਭਰਨ ਕਾਰਨ ਕੰਬਾਈਨਾਂ ਤੇ ਟਰੈਕਟਰਾਂ ਦਾ ਦਾਖ਼ਲਾ ਅਸੰਭਵ ਹੋ ਗਿਆ ਹੈ ਜਿਸ ਨਾਲ ਕਟਾਈ ਤਿੰਨ-ਚਾਰ ਦਿਨ ਪਛੜ ਗਈ ਹੈ। ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕੰਮ ਵੀ ਠੱਪ ਹੋ ਗਿਆ ਹੈ ਤੇ ਦਾਣਿਆਂ ਵਿੱਚ ਨਮੀ ਦੀ ਮਾਤਰਾ ਵਧਣ ਕਾਰਨ ਮੰਡੀਆਂ ’ਚ ਵਿਕਰੀ ਦੌਰਾਨ ਕਿਸਾਨਾਂ ਦੀ ਖੱਜਲ-ਖ਼ੁਆਰੀ ਵਧਣੀ ਤੈਅ ਹੈ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਜੱਦੀ ਪਿੰਡ ਖੁੱਡੀਆਂ ਗੁਲਾਬ ਸਿੰਘ ਸਮੇਤ ਵੱਖ-ਵੱਖ ਮੰਡੀਆਂ ਵਿੱਚ ਢੁਕਵੇਂ ਪ੍ਰਬੰਧਾਂ ਅਤੇ ਤਰਪਾਲਾਂ ਦੀ ਘਾਟ ਕਾਰਨ ਖੁੱਲ੍ਹੇ ਅਸਮਾਨ ਹੇਠ ਪਿਆ ਕਾਫੀ ਝੋਨਾ ਤੇ ਭਰੀਆਂ ਬੋਰੀਆਂ ਬੁਰੀ ਤਰ੍ਹਾਂ ਭਿੱਜ ਗਈਆਂ। ਸਿੱਖਵਾਲਾ ਖਰੀਦ ਕੇਂਦਰ ਦੀ ਵਾਇਰਲ ਵੀਡੀਓ ਮੁਤਾਬਕ ਉਥੇ ਪਾਣੀ ਨੇ ਝੋਨੇ ਦੇ ਢੇਰਾਂ ਦੀ ਖੂਬ ਰੰਗਤ ਵਿਗਾੜੀ। ਦੂਜੇ ਪਾਸੇ ਮੰਡੀਆਂ ਵਿੱਚੋਂ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਦੇ ਸਾਹ ਸੂਤੇ ਪਏ ਹਨ। ਭਾਕਿਯੂ (ਉਗਰਾਹਾਂ) ਇਕਾਈ ਮਾਨ ਦੇ ਪ੍ਰਧਾਨ ਦਵਿੰਦਰ ਸਿੰਘ ਅਨੁਸਾਰ ਅੱਧਾ ਘੰਟਾ ਪਏ ਮੀਂਹ ਤੇ ਗੜਿਆਂ ਨਾਲ ਇਲਾਕੇ ਵਿੱਚ ਕਰੀਬ 50 ਫ਼ੀਸਦ ਫ਼ਸਲ ਤਬਾਹ ਹੋ ਗਈ ਹੈ। ਪਿੰਡ ਫਤੂਹੀਖੇੜਾ ਦੇ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਦੋ ਵਾਰ ਪਏ ਤੇਜ਼ ਗੜਿਆਂ ਕਾਰਨ ਖੇਤਾਂ ’ਚ ਪਾਣੀ ਭਰ ਗਿਆ ਹੈ ਤੇ ਨੁਕਸਾਨ ਬਹੁਤ ਜ਼ਿਆਦਾ ਹੈ। ਰੋੜਾਂਵਾਲੀ ਦੇ ਸਰਪੰਚ ਰਾਜਬਹਾਦਰ ਸਿੰਘ ਮੁਤਾਬਕ ਝੋਨਾ ਝੜਨ ਕਾਰਨ 20 ਤੋਂ 25 ਫ਼ੀਸਦ ਸਿੱਧਾ ਨੁਕਸਾਨ ਹੋਇਆ ਹੈ। ਭਾਕਿਯੂ (ਉਗਰਾਹਾਂ) ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਮੰਗ ਕੀਤੀ ਕਿ ਮੰਡੀਆਂ ‘ਚ ਭਿੱਜੇ ਝੋਨੇ ਦੀ ਬਿਨਾਂ ਸ਼ਰਤ ਤੁਰੰਤ ਖ਼ਰੀਦ ਯਕੀਨੀ ਬਣਾਈ ਜਾਵੇ ਤੇ ਪ੍ਰਭਾਵਿਤ ਖੇਤਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ। ਇਸੇ ਦੌਰਾਨ ਖ਼ਰਾਬੇ ਦੀ ਜ਼ਮੀਨੀ ਸਥਿਤੀ ਅਤੇ ਜਾਣਕਾਰੀ ਲੈਣ ਸਬੰਧੀ ਖੇਤੀ ਵਿਭਾਗ ਦੇ ਜ਼ਿਲ੍ਹਾ ਅਤੇ ਬਲਾਕ ਪੱਧਰੀ ਅਮਲੇ ਦੇ ਫੋਨ ਬੰਦ ਜਾਂ ਨਾ-ਮਿਲਣ ਵਾਲੇ ਰੌਂਅ ਵਿੱਚ ਦਿਖਾਈ ਦਿੱਤੇ। 

 

ਪਿਛਲੀ ਖ਼ਬਰ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਵਾਲੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।