ਗੱਗੋਮਾਹਲ, 7 ਮਈ (ਬਲਵਿੰਦਰ ਸਿੰਘ ਸੰਧੂ)-ਅੰਮਿ੍ਤਸਰ ਤੇ ਜਲੰਧਰ ਵਿਖੇ ਹੋਏ ਬੰਬ ਧਮਾਕਿਆਂ ਬਾਰੇ ਗੱਲਬਾਤ ਕਰਦਿਆਂ ਵਿਧਾਨ ਸਭਾ ਹਲਕਾ ਅਜਨਾਲਾ ਦੇ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਸੇਵਾਦਾਰ ਭਾਈ ਸੁਰਿੰਦਰਪਾਲ ਸਿੰਘ ਤਾਲਬਪੁਰਾ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਇਕ ਹਫਤੇ ਅੰਦਰ ਸ਼ੰਭੂ ਰੇਲਵੇ ਲਾਇਨ ਸਮੇਤ ਜਲੰਧਰ ਤੇ ਅੰਮਿ੍ਤਸਰ ਵਿਚ ਹੋਏ ਲਗਾਤਾਰ ਧਮਾਕਿਆਂ ਦੀ ਪਾਰਟੀ ਨਿਖੇਧੀ ਕਰਦੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਧਮਾਕਿਆਂ ਨੇ ਪੰਜਾਬ ਸਰਕਾਰ ਦੇ ਅਮਨ ਕਾਨੂੰਨ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਅੰਦਰ ਵੱਸਦੀਆਂ ਘੱਟ ਗਿਣਤੀਆਂ ਵਿਚ ਦਹਿਸ਼ਤ ਪੈਦਾ ਕਰਨ ਲਈ ਹਨ | ਭਾਜਪਾ ਦੀ ਬਿਹਾਰ ਸਮੇਤ ਤਿੰਨ ਰਾਜਾਂ ਵਿਚ ਜਿੱਤ ਸੰਬੰਧੀ ਪੁੱਛੇ ਸਵਾਲਾਂ 'ਤੇ ਗੱਲ ਕਰਦਿਆਂ ਤਾਲਬਪੁਰਾ ਨੇ ਕਿਹਾ ਕਿ ਬਿਹਾਰ ਦੀ ਤਰਜ 'ਤੇ ਪੰਜਾਬ ਅੰਦਰ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਵਿਧਾਨ ਸਭਾ ਚੋਣਾਂ ਵਿਚ ਇਕ ਭਾਈਚਾਰੇ ਦੀਆਂ ਵੋਟਾਂ ਬਟੌਰੀਆਂ ਜਾ ਸਕਣ | ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਅੱਜ ਪੰਜਾਬ ਦਾ ਹਰ ਨਾਗਰਿਕ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ | ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪੰਜਾਬ ਦੀ ਅਮਨਸ਼ਾਂਤੀ ਨਾਲ ਅਜਿਹਾ ਖਿਲਵਾੜ ਬਰਦਾਸ਼ਤ ਨਹੀ ਕੀਤਾ ਜਾ ਸਕਦਾ | ਪੰਜਾਬ ਅੰਦਰ ਜਦੋਂ ਵੀ ਚੋਣਾਂ ਆਉਂਦੀਆਂ ਹਨ ਉਦੋਂ ਹੀ ਇਸ ਧਰਤੀ ਉਪਰ ਧਮਾਕਿਆਂ ਦੀ ਖੇਡ ਸ਼ੁਰੂ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿੱਖ, ਹਿੰਦੂ, ਇਸਾਈ, ਮੁਸਲਮਾਨ ਸਮੇਤ ਹਰੇਕ ਜਾਤੀ ਪੂਰੀ ਤਰ੍ਹਾਂ ਸੁਚੇਤ ਹੋ ਚੁੱਕੀ ਹੈ | ਇਸ ਮੌਕੇ ਉਨ੍ਹਾਂ ਨਾਲ ਰਜਵੰਤ ਸਿੰਘ ਮਹਿਲਾਵਾਲਾ, ਫੌਜੀ ਕੁਲਵਿੰਦਰ ਸਿੰਘ, ਸਰਤਾਜਪ੍ਰੀਤ ਸਿੰਘ ਭੰਗੂ, ਮਨਜੋਤ ਸਿੰਘ ਪੁਰੇਵਾਲ ਆਦਿ ਆਗੂ ਵੀ ਹਾਜ਼ਰ ਸਨ |