10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਕਿਸਾਨ ਦਲਜੀਤ ਸਿੰਘ ਦੇ ਘਰ 'ਤੇ ਅਣਪਛਾਤਿਆਂ ਵਲੋਂ ਫਾਇਰਿੰਗ <br/>

ਅਜੀਤ ਡੈਸਕ 15-04-2026

ਜੰਡਿਆਲਾ ਗੁਰੂ, 14 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਬੀਤੀ ਦੇਰ ਰਾਤ ਜੰਡਿਆਲਾ ਗੁਰੂ ਦੇ ਪਿੰਡ ਬਾਬਾ ਜੱਸ ਹਵੇਲੀਆਂ (ਬੰਡਾਲਾ) ਦੀ ਬਹਿਕ 'ਤੇ ਰਹਿੰਦੇ ਕਿਸਾਨ ਦਲਜੀਤ ਸਿੰਘ ਦੇ ਘਰ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਫਾਇਰਿੰਗ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ | ਪੀੜਤ ਕਿਸਾਨ ਦਲਜੀਤ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਬਾਬਾ ਜੱਸ ਹਵੇਲੀਆਂ ਬੰਡਾਲਾ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਸੁੱਤੇ ਪਏ ਸਨ ਤਾਂ ਰਾਤ 11.15 ਵਜੇ ਦੇ ਲਗਭਗ ਉਨ੍ਹਾਂ ਨੂੰ ਆਪਣੇ ਘਰ ਵਿਚ ਪਸ਼ੂਆਂ ਦੀ ਹਿਲਜੁਲ ਸੁਣਾਈ ਦਿੱਤੀ ਅਤੇ ਜਦੋਂ ਉਨ੍ਹਾਂ ਨੇ ਉੱਠ ਕੇ ਆਪਣੇ ਬਾਹਰਲੇ ਦਰਵਾਜ਼ੇ ਵੱਲ ਵੇਖਿਆ ਤਾਂ ਘਰ ਦੇ ਬਾਹਰੋਂ ਅਣਪਛਾਤੇ ਬੰਦਿਆਂ ਨੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਵੱਲ ਤਿੰਨ ਫਾਇਰ ਕੀਤੇ ਜੋ ਕਿ ਉਸ ਦੇ ਘਰ ਦੇ ਲੋਹੇ ਦੇ ਦਰਵਾਜ਼ੇ ਵਿਚ ਵੱਜ ਗਏ ਅਤੇ ਇਕ ਹਵਾਈ ਫਾਇਰ ਕੀਤਾ ਅਤੇ ਉਹ ਵਾਲ ਵਾਲ ਬਚ ਗਿਆ | ਉਨ੍ਹਾਂ ਦੱਸਿਆ ਕਿ ਉਸਨੇ ਰੌਲਾ ਰੱਪਾ ਪਾਇਆ ਤਾਂ ਇੰਨੇ ਨੂੰ ਪਰਿਵਾਰਕ ਮੈਂਬਰ ਵੀ ਜਾਗ ਪਏ ਅਤੇ ਉਸਨੇ ਘਰ ਤੋਂ ਬਾਹਰ ਜਾ ਕੇ ਵੇਖਿਆ ਕਿ ਇੱਕ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰ ਉੱਪਰ 2 ਨੌਜਵਾਨ ਸਵਾਰ ਸਨ ਜਿਨ੍ਹਾਂ ਨੇ ਮੂੰਹ ਬੱਧੇ ਹੋਏ ਸਨ ਤੇ ਉਸਨੂੰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ | ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰ ਲੱਗੇ ਸੀ ਸੀ ਟੀ ਵੀ ਕੈਮਰੇ ਵੇਖੇ ਜਿਸ ਵਿਚ ਬਿਨਾਂ ਨੰਬਰੀ ਮੋਟਰ ਸਾਈਕਲ ਉਨ੍ਹਾਂ ਦੇ ਗੇਟ ਅੱਗੇ ਰੁਕਦਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ 'ਤੇ ਗੋਲੀ ਚੱਲਣ ਦੀ ਵਾਰਦਾਤ ਦੀ ਸਾਜਿਸ਼ ਉਨ੍ਹਾਂ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੇ ਰਚੀ ਹੈ ਜਿਸ ਦੀ ਸ਼ਹਿ 'ਤੇ ਉਨ੍ਹਾਂ ਤੇ ਗੋਲੀਆਂ ਚਲਾਈਆਂ ਗਈਆਂ ਹਨ | ਉਨ੍ਹਾਂ ਘਟਨਾ ਦੀ ਵਜ੍ਹਾ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਮਾਲਕੀ ਜ਼ਮੀਨ ਵਿੱਚੋਂ ਹਿੱਸਾ ਲੈਣ ਲਈ ਮਾਨਯੋਗ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਅਤੇ ਇਸ ਗੱਲ ਤੋਂ ਮੇਰਾ ਨਜ਼ਦੀਕੀ ਰਿਸ਼ਤੇਦਾਰ ਮੈਨੂੰ ਮਰਵਾਉਣਾ ਚਾਹੁੰਦਾ ਹੈ ਅਤੇ ਮੇਰੇ ਪਿਤਾ ਦੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ | ਕਿਸਾਨ ਦਲਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਗੋਲੀ ਚੱਲਣ ਦੀ ਵਾਰਦਾਤ ਤੋਂ ਪਹਿਲਾਂ ਉਨ੍ਹਾਂ ਨੇ ਐੱਸ. ਐੱਸ. ਪੀ. ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਨੂੰ ਦਰਖਾਸਤ ਦੇ ਕੇ ਉਸ ਵਿਚ ਉਨ੍ਹਾਂ ਦੇ ਉਕਤ ਰਿਸ਼ਤੇਦਾਰ ਅਤੇ ਉਸ ਨਾਲ ਕੁਝ ਵਿਅਕਤੀਆਂ ਤੇ ਉਸ ਨੂੰ ਹਥਿਆਰ ਦਿਖਾ ਕੇ ਉਸਦੇ ਲੜਕੇ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਦੋਸ਼ ਲਗਾਏ ਸਨ | ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਹਰਪਾਲ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਦੇ ਘਰ 'ਤੇ ਫਾਇਰਿੰਗ ਕਰਨ ਵਾਲੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦਲਜੀਤ ਸਿੰਘ ਤੇ ਉਸਦੇ ਭਰਾ ਵਿਚਾਲੇ ਚੱਲ ਰਹੇ ਜ਼ਮੀਨ ਦੇ ਕੇਸ ਨੂੰ ਵੀ ਧਿਆਨ ਵਿਚ ਰੱਖਦਿਆਂ ਹੋਇਆਂ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਨੌਜਵਾਨ ਦੀ ਮੌਤ ਤੋਂ ਬਾਅਦ ਵਾਰਿਸਾਂ ਨੇ ਘੇਰਿਆ ਹਸਪਤਾਲ <br/> ਅਗਲੀ ਖ਼ਬਰ ਸਦਾਰੰਗ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।