ਲੋਹਟਬੱਦੀ (ਲੁਧਿਆਣਾ), 10 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਨਾਨਕਸਰ ਠਾਠ ਈਸ਼ਰ ਦਰਬਾਰ ਪੱਤੀ ਰੋਕੋਂ, ਪਿੰਡ ਬੜੂੰਦੀ ਦੇ ਸੰਚਾਲਕ ਸੰਤ ਬਾਬਾ ਅਮਰ ਸਿੰਘ ਜੀ (84 ਸਾਲ) ਬੜੂੰਦੀ ਵਾਲੇ ਅੱਜ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਸੱਚਖੰਡ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਆਪਣੀ ਜ਼ਿੰਦਗੀ ਦੇ ਆਖਰੀ ਸਵਾਸ ਨਾਨਕਸਰ ਠਾਠ ਗ੍ਰੇਟਰ ਕੈਲਾਸ਼ ਨਵੀਂ ਦਿੱਲੀ ਵਿਖੇ ਲਏ।
ਉਨ੍ਹਾਂ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਪਿੰਡ ਚਕਰ ‘ਚ ਪਿਤਾ ਬਖ਼ਤਾਵਰ ਸਿੰਘ ਅਤੇ ਮਾਤਾ ਭਗਵਾਨ ਕੌਰ ਦੇ ਘਰ 1942 ਨੂੰ ਹੋਇਆ ਸੀ। ਕਰੀਬ 8 ਸਾਲ ਦੀ ਉੁਮਰ ‘ਚ ਹੀ ਨਾਨਕਸਰ ਦਰਬਾਰ ਪਿੰਡ ਕਲੇਰਾਂ, ਲੁਧਿਆਣਾ ਵਿਖੇ ਰਹਿਣ ਲੱਗ ਪਏ ਸਨ। ਉਨ੍ਹਾਂ ਨੇ ਕਲਕੱਤਾ, ਰਾਂਚੀ, ਪਟਨਾ, ਟਾਟਾ ਨਗਰ ਅਤੇ ਦਿੱਲੀ ਸ਼ਹਿਰਾਂ ‘ਚ ਆਸ਼ਰਮਾਂ ਦਾ ਨਿਰਮਾਣ ਕੀਤਾ। ਭਾਰਤ-ਬੰਗਲਾਦੇਸ਼ ਸਰਹੱਦ ਦੇ ਇੱਕ ਪਿੰਡ ‘ਚ ਲਗਭਗ 350 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ।
ਬਾਬਾ ਈਸ਼ਰ ਸਿੰਘ ਕਲੇਰਾਂ ਵਾਲਿਆਂ ਦੇ ਸੱਚਖੰਡ ਜਾਣ ਤੋਂ ਬਾਅਦ ਆਪ ਜੀ ਨੂੰ ਬਾਬਾ ਈਸਰ ਸਿੰਘ ਕਲੇਰਾਂ ਵਾਲਿਆਂ ਦੇ ਨਾਨਕੇ ਨਗਰ ਪਿੰਡ ਬੜੂੰਦੀ ਸਥਿਤ ਪੱਤੀ ਰੋਕੋਂ ਵਿਖੇ ਕੀਰਤਨ ਦੀ ਸੇਵਾ ਅਤੇ ਧਰਮ ਪ੍ਰਚਾਰ ਲਈ ਭੇਜਿਆ ਗਿਆ ਸੀ ਪਰੰਤੂ ਪਿੰਡ ਬੜੂੰਦੀ ਦੀਆਂ ਸੰਗਤਾਂ ਨੇ ਅਥਾਹ ਸਤਿਕਾਰ ਕਰਦਿਆਂ ਉਨ੍ਹਾਂ ਨੂੰ ਇੱਥੇ ਰਹਿਣ ਦੀ ਬੇਨਤੀ ਕਰਦਿਆਂ ਪੂਰਨ ਸਹਿਯੋਗ ਦਿੱਤਾ ਗਿਆ।
ਉਨ੍ਹਾਂ ਦੇ ਸ਼ਰਧਾਲੂ ਸੁਖਦੇਵ ਸਿੰਘ ਵਾਲੀਆ ਪ੍ਰਧਾਨ ਬੜੂੰਦੀ ਨੇ ਦੱਸਿਆ ਕਿ ਸੱਚਖੰਡ ਵਾਸੀ ਬਾਬਾ ਅਮਰ ਸਿੰਘ ਦਾ ਪੰਜ ਭੌਤਿਕ ਸਰੀਰ/ਦੇਹ ਕੱਲ੍ਹ ਮਿਤੀ 12 ਨਵੰਬਰ ਨੂੰ ਨਾਨਕਸਰ ਈਸਰ ਦਰਬਾਰ ਠਾਠ ਪੱਤੀ ਰੋਕੋਂ, ਪਿੰਡ ਬੜੂੰਦੀ ਵਿਖੇ ਸੰਗਤਾਂ ਦੇ ਅੰਤਿਮ ਦਰਸਨਾਂ ਲਈ ਰੱਖੀ ਜਾਵੇਗੀ ਜਦਕਿ 13 ਨਵੰਬਰ ਨੂੰ ਸਰੀਰ ਹਰੀਕੇ ਪੱਤਣ ਵਿਖੇ ਜਲ ਪ੍ਰਵਾਹ ਕੀਤਾ ਜਾਵੇਗਾ।