18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਇਤਿਹਾਸਕ ਕਸਬਾ ਰਮਦਾਸ ਦਾ ਬੱਸ ਅੱਡਾ ਨਸ਼ੇੜੀਆਂ, ਜੁਆਰੀਆਂ ਤੇ ਅਪਰਾਧਿਕ ਲੋਕਾਂ ਲਈ ਛਿਪਣਗਾਹ ਬਣਿਆ

ਅਜੀਤ ਡੈਸਕ 02-04-2026
ਗੱਗੋਮਾਹਲ/ਰਮਦਾਸ, 1 ਅਪ੍ਰੈਲ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਵਰਸੋਈ ਇਤਿਹਾਸਕ ਨਗਰੀ ਰਮਦਾਸ ਵਿਚ ਕਰੀਬ 15 ਸਾਲ ਪਹਿਲਾਂ ਮੁਸਾਫਰਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਕਰੋੜਾਂ ਰੁਪਏ ਦੀ ਲਾਗਤ ਨਾਲ ਬੱਸ ਅੱਡੇ ਦੀ ਉਸਾਰੀ ਕੀਤੀ ਗਈ ਜਿਸ 'ਚ ਸਰਕਾਰੀ ਤੇ ਨਿੱਜੀ ਬੱਸਾਂ ਦੇ ਸਟਾਫ ਲਈ ਦਫਤਰ, ਟਿਕਟ ਕਾਊਾਟਰ ਬਣਾਏ ਗਏ | ਜਦੋਂ ਕਿ ਮੁਸਾਫਰਾਂ ਦੇ ਬੈਠਣ ਤੇ ਬਾਥਰੂਮਾਂ ਦੀ ਸੁਵਿਧਾ ਵੀ ਦਿੱਤੀ ਗਈ | ਕੁਝ ਸਮਾਂ ਬੱਸਾਂ ਨੇ ਬੱਸ ਅੱਡੇ ਆਉਣਾ ਸ਼ੁਰੂ ਵੀ ਕਰ ਦਿੱਤਾ ਪ੍ਰੰਤੂ ਦੇਸ਼ 'ਚ ਲੱਗੇ ਲਾਕਡਾਊਨ ਪਿੱਛੋਂ ਬੱਸ ਅੱਡੇ ਨੂੰ ਪੱਕੇ ਤੌਰ 'ਤੇ ਲਾਕ ਲੱਗ ਗਿਆ | ਰਹਿੰਦੀ ਕਸਰ ਬਣ ਰਹੀ ਨੈਸ਼ਨਲ ਹਾਈਵੇ ਨੇ ਪੂਰੀ ਕਰ ਦਿੱਤੀ, ਜਿਨ੍ਹਾਂ ਬੱਸ ਅੱਡੇ ਅੰਦਰ ਆਉਂਦੀਆਂ ਤੇ ਜਾਂਦੀਆਂ ਬੱਸਾਂ ਲਈ ਯੋਗ ਰਸਤਾ ਹੀ ਨਹੀਂ ਬਣਾਇਆ | ਇਸ ਤਰ੍ਹਾਂ ਮੁਸਾਫਰਾਂ ਦੀ ਸਹੂਲਤ ਲਈ ਤਿਆਰ ਇਤਿਹਾਸਕ ਨਗਰੀ ਦਾ ਇੱਕਲੌਤਾ ਬੱਸ ਅੱਡਾ ਨਸ਼ੇੜੀਆਂ, ਜੁਆਰੀਆਂ ਤੇ ਅਪਰਾਧਿਕ ਲੋਕਾਂ ਦੀ ਛਿਪਣਗਾਹ ਬਣ ਗਿਆ | ਨਗਰ ਕੌਂਸਲ ਦੇ ਕਰਮਚਾਰੀਆਂ ਮੁਤਾਬਕ ਬੱਸ ਅੱਡੇ ਵਿਚ ਬਣੇ ਟਰਾਂਸਪੋਰਟ ਮੁਲਾਜ਼ਮਾਂ ਲਈ ਦਫਤਰਾਂ ਦੇ ਐਲੂਮੀਨੀਅਮ ਦੇ ਦਰਵਾਜ਼ੇ ਤੇ ਸ਼ੀਸ਼ੇ ਵੀ ਚੋਰ ਲਾਹ ਕੇ ਲੈ ਗਏ ਅਤੇ ਬਾਥਰੂਮਾਂ ਅੰਦਰ ਲੱਗੀਆਂ ਪਾਣੀ ਵਾਲੀਆਂ ਟੂਟੀਆਂ ਵੀ ਚੋਰਾਂ ਨੇ ਨਹੀਂ ਛੱਡੀਆਂ | ਜਿਸ ਤੋਂ ਮਜਬੂਰ ਹੋ ਕੇ ਬਾਥਰੂਮਾਂ ਨੂੰ ਜਿੰਦੇ ਲਗਾਉਣੇ ਪਏ | ਇਹ ਵੀ ਜ਼ਿਕਰਯੋਗ ਹੈ ਕਿ ਕਸਬਾ ਰਮਦਾਸ ਵਿਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨਾਲ ਸੰਬੰਧਿਤ ਗੁਰਧਾਮਾਂ ਦੇ ਦਰਸ਼ਨਾ ਲਈ ਆਉਂਦੇ ਹਜਾਰਾਂ ਮੁਸਾਫਰਾਂ ਨੂੰ ਮੀਂਹ, ਧੁੱਪ ਵਿਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਅਕਸਰ ਮੁਸਾਫਰ ਸੜਕਾਂ 'ਤੇ ਖੜੇ ਹੋ ਕੇ ਬੱਸਾਂ ਦੀ ਉਡੀਕ ਕਰਦੇ ਹਨ | ਕਈ ਬਜ਼ੁਰਗ ਤੇ ਬੱਚਿਆਂ ਵਾਲੀਆਂ ਔਰਤਾਂ ਧਰਤੀ 'ਤੇ ਬੈਠ ਕੇ ਬੱਸਾਂ ਦੀਆਂ ਉਡੀਕ ਕਰਦੀਆਂ ਵੇਖੀਆਂ ਜਾ ਸਕਦੀਆਂ ਹਨ |
ਕੀ ਕਹਿਣਾ ਨਗਰ ਕੌਂਸਲ ਦੇ ਪ੍ਰਧਾਨ ਦਾ
ਇਸ ਸੰਬੰਧੀ ਪੁੱਛੇ ਜਾਣ 'ਤੇ ਨਗਰ ਕੌਂਸਲ ਦੇ ਪ੍ਰਧਾਨ ਗੁਰਪਾਲ ਸਿੰਘ ਸਿੰਧੀ ਨੇ ਕਿਹਾ ਕਿ ਬੱਸ ਅੱਡੇ ਨੂੰ ਠੇਕੇ 'ਤੇ ਦੇਣ ਲਈ ਤਿੰਨ ਤੋਂ ਚਾਰ ਵਾਰ ਟੈਂਡਰ ਜਾਰੀ ਕੀਤੇ ਗਏ ਪ੍ਰੰਤੂ ਕੋਈ ਵੀ ਇਸ ਨੂੰ ਠੇਕੇ 'ਤੇ ਲੈਣ ਲਈ ਤਿਆਰ ਨਹੀਂ | ਕੌਂਸਲ ਕੋਲ ਮੁਲਾਜਮਾਂ ਦੀ ਵੱਡੀ ਘਾਟ ਹੋਣ ਕਰਕੇ ਬੱਸ ਅੱਡੇ 'ਤੇ ਡਿਊਟੀ ਦੇਣ ਲਈ ਕਰਮਚਾਰੀ ਨਹੀਂ ਜੇਕਰ ਕੋਈ ਵਿਅਕਤੀ ਬੱਸ ਅੱਡੇ ਨੂੰ ਠੇਕੇ 'ਤੇ ਲੈ ਵੀ ਲੈਂਦਾ ਹੈ ਤਾਂ ਬੱਸਾਂ ਦਾ ਸਟਾਫ ਪਰਚੀ ਲੈਣ ਲਈ ਹੀ ਤਿਆਰ ਨਹੀਂ | ਜਦੋਂ ਕਿ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਲੋਂ ਬੱਸ ਅੱਡਾ ਚਲਾਉਣ ਲਈ ਸਾਥ ਨਾ ਦੇਣਾ ਵੀ ਵੱਡੀ ਦਿੱਕਤ ਹੈ |
ਕੀ ਕਹਿਣਾ ਕਾਰਜ ਸਾਧਕ ਅਫਸਰ ਦਾ
ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਪਾਸੋਂ ਬੱਸ ਅੱਡਾ ਬੰਦ ਹੋਣ ਬਾਰੇ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਕੋਲ ਸਟਾਫ ਦੀ ਘਾਟ ਹੈ ਦੂਜਾ ਪੰਜਾਬ ਰੋਡਵੇਜ ਦੇ ਡੇਰਾ ਬਾਬਾ ਨਾਨਕ, ਗੁਰਦਾਸਪੁਰ, ਪਠਾਨਕੋਟ, ਅੰਮਿ੍ਤਸਰ, ਬਟਾਲਾ, ਲਈ ਚੱਲਦੇ ਜਿਆਦਾ ਟਾਇਮ ਬੰਦ ਹਨ ਤੇ ਪ੍ਰਾਈਵੇਟ ਆਪ੍ਰੇਟਰ ਵੀ ਚਾਰ ਬੱਸਾਂ ਦੇ ਟਾਇਮ ਵਿਚ ਇਕ ਬੱਸ ਚਲਾ ਕੇ ਹੀ ਖਾਤਾ ਪੂਰਾ ਕਰਦੇ ਹਨ | ਜਿਸ ਕਾਰਨ ਬੱਸ ਅੱਡੇ ਦੀ ਆਮਦਨ ਨਾ ਮਾਤਰ ਹੈ | ਉਨ੍ਹਾਂ ਖੁਦ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਪਾਸੋਂ ਟਾਇਮ ਟੇਬਲ ਦੀ ਮੰਗ ਕੀਤੀ ਸੀ ਤਾਂ ਜੋ ਪੁਲਿਸ ਦੀ ਮਦਦ ਨਾਲ ਬੱਸ ਅੱਡਾ ਚਲਾਇਆ ਜਾ ਸਕੇ ਪ੍ਰੰਤੂ ਅਫਸੋਸ ਟਾਇਮ ਟੇਬਲ ਦੀ ਕਾਪੀ ਹੀ ਪ੍ਰਾਪਤ ਨਹੀਂ ਹੋ ਸਕੀ | ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਬੱਸ ਅੱਡਾ ਚਾਲੂ ਕਰਨ ਲਈ ਉਤਾਵਲੇ ਹਾਂ ਤਾਂ ਜੋ ਨਗਰ ਕੌਂਸਲ ਦੀ ਆਮਦਨ ਵਿਚ ਵਾਧਾ ਹੋਵੇ ਤੇ ਕਸਬੇ ਦੇ ਵਿਕਾਸ ਕਾਰਜ ਚੱਲ ਸਕਣ |

ਪਿਛਲੀ ਖ਼ਬਰ ਮਨਰਾਜ ਨੇ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ 500 'ਚੋਂ 500 ਅੰਕ ਪ੍ਰਾਪਤ ਕੀਤੇ ਅਗਲੀ ਖ਼ਬਰ ਹਰਭਜਨ ਸਿੰਘ ਈ. ਟੀ. ਓ. ਨੇ ਕੋਹਾਟਵਿੰਡ ਹਿੰਦੂਆਂ ਵਿਖੇ ਗਲੀਆਂ ਅਤੇ ਸੜਕਾਂ ਦੇ ਕੰਮਾਂ ਦੀ ਕੀਤੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।