ਚਵਿੰਡਾ ਦੇਵੀ, 1 ਅਪ੍ਰੈਲ (ਸਤਪਾਲ ਸਿੰਘ ਢੱਡੇ)-ਪੰਜਾਬ ਵਿਚ ਅੱਜ ਕਈ ਥਾਵਾਂ 'ਤੇ ਪਈ ਬੇ-ਮੌਸਮੀ ਗੜੇ੍ਹਮਾਰੀ ਨੇ ਕਿਸਾਨਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ | ਅਚਾਨਕ ਬਦਲੇ ਮੌਸਮ ਨੇ ਖੇਤਾਂ ਵਿਚ ਖੜੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਕਿਸਾਨਾਂ ਦੇ ਸਾਹ ਸੂਤ ਗਏ ਹਨ | ਗੜਿ੍ਹਆਂ ਦੀ ਤੇਜ਼ ਵਰਖਾ ਨੇ ਕੁਝ ਹੀ ਮਿੰਟਾਂ ਵਿਚ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ | ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਕਣਕ, ਸਰੋਂ, ਟਮਾਟਰ ਅਤੇ ਹੋਰ ਸਬਜ਼ੀਆਂ ਦੀ ਫਸਲ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ | ਕਈ ਥਾਵਾਂ 'ਤੇ ਗੜਿ੍ਹਆਂ ਦੀ ਮਾਰ ਨਾਲ ਕਣਕ ਦੀ ਫਸਲ ਜ਼ਮੀਨ 'ਤੇ ਢਹਿ ਗਈ ਹੈ, ਜਦਕਿ ਸਰੋ੍ਹਾ ਦੀ ਫਸਲ ਦੀਆਂ ਫਲੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਇਸ ਤੋਂ ਇਲਾਵਾ ਟਮਾਟਰ ਅਤੇ ਹੋਰ ਸਬਜ਼ੀਆਂ ਵਾਲੇ ਖੇਤਾਂ ਵਿਚ ਵੀ ਗੜਿ੍ਹਆਂ ਨੇ ਤਬਾਹੀ ਮਚਾ ਦਿੱਤੀ ਹੈ, ਜਿਸ ਨਾਲ ਉਤਪਾਦਨ ਵਿਚ ਵੱਡੀ ਘਾਟ ਆਉਣ ਦੀ ਸੰਭਾਵਨਾ ਬਣ ਗਈ ਹੈ | ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ |