ਅਜਨਾਲਾ, 30 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਨਗਰ ਪੰਚਾਇਤ ਅਜਨਾਲਾ ਵਲੋਂ ਬੀ.ਐੱਸ.ਐਫ 117 ਬਟਾਲੀਅਨ ਦੇ ਸਹਿਯੋਗ ਨਾਲ 'ਸਵੱਛਤਾ ਹੀ ਸੇਵਾ' ਨਾਅਰੇ ਤਹਿਤ ਅਜਨਾਲਾ ਸ਼ਹਿਰ ਅੰਦਰ ਵੱਡੀ ਪੱਧਰ 'ਤੇ ਸਫ਼ਾਈ ਮੁਹਿੰਮ ਚਲਾਈ ਗਈ, ਜਿਸ ਦੀ ਰਸਮੀ ਤੌਰ 'ਤੇ ਸ਼ੁਰੂਆਤ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਕੀਤੀ ਗਈ | ਅੱਜ ਸਵੇਰ ਸਮੇਂ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਅਤੇ ਕਾਰਜ ਸਾਧਕ ਅਫ਼ਸਰ ਸ੍ਰੀ ਦਿਨੇਸ਼ ਸੂਰੀ ਦੀ ਸਾਂਝੀ ਅਗਵਾਈ 'ਚ ਬੱਸ ਸਟੈਂਡ ਅਜਨਾਲਾ ਵਿਖੇ ਕਰਵਾਏ ਵਿਸ਼ੇਸ਼ ਸਮਾਰੋਹ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਘਰ ਅਤੇ ਆਲੇ ਦੁਆਲੇ ਨੂੰ ਸਾਫ਼ ਰੱਖੇ | ਉਨ੍ਹਾਂ ਕਿਹਾ ਕਿ ਜੇ ਅਸੀਂ ਸਾਰੇ ਮਿਲ ਕੇ ਇਹ ਜ਼ਿੰਮੇਵਾਰੀ ਨਿਭਾਈਏ ਤਾਂ ਅਜਨਾਲਾ ਸ਼ਹਿਰ ਹੋਰ ਵੀ ਸੁੰਦਰ ਅਤੇ ਸਾਫ਼-ਸੁਥਰਾ ਬਣ ਸਕਦਾ ਹੈ | ਇਸ ਮੁਹਿੰਮ ਤਹਿਤ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਕਾਰਜ ਸਾਧਕ ਅਫ਼ਸਰ ਦਿਨੇਸ਼ ਸੂਰੀ ਅਤੇ ਬੀ.ਐੱਸ.ਐਫ 117 ਬਟਾਲੀਅਨ ਦੇ ਡਿਪਟੀ ਕਮਾਡੈਂਟ ਪ੍ਰਮੋਦ ਕੁਮਾਰ ਤੇ ਵੱਡੀ ਗਿਣਤੀ ਵਿਚ ਇਕੱਤਰ ਬੀਐਸਐਫ ਜਵਾਨਾਂ ਅਤੇ ਨਗਰ ਪੰਚਾਇਤ ਦੇ ਸਫ਼ਾਈ ਸੇਵਕਾਂ ਵਲੋਂ ਬੱਸ ਸਟੈਂਡ ਤੋਂ ਲੈ ਕੇ ਸ਼ਹਿਰ ਦੇ ਮੁੱਖ ਚੌਂਕ ਅਤੇ ਚੁਗਾਵਾਂ ਰੋਡ ਬੀ.ਐੱਸ.ਐਫ ਹੈੱਡ ਕੁਆਰਟਰ ਕੁਆਟਰ ਤੱਕ ਸਫ਼ਾਈ ਕੀਤੀ ਗਈ | ਇਸ ਮੌਕੇ ਮਹਿਲਾ ਕਮਿਸ਼ਨ ਪੰਜਾਬ ਦੀ ਵਾਈਸ ਚੇਅਰਪਰਸਨ ਗੀਤਾ ਗਿੱਲ ਅਜਨਾਲਾ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ, ਐੱਸ.ਐੱਚ.ਓ ਸਬ ਇੰਸਪੈਕਟਰ ਹਰਜੀਤ ਸਿੰਘ ਸੰਧੂ, ਸੈਨੇਟਰੀ ਇੰਚਾਰਜ ਪ੍ਰਦੀਪ ਤ੍ਰੇਹਨ, ਰਣਧੀਰ ਰਾਮਪਾਲ, ਨਵਦੀਪ ਸਿੰਘ ਰਾਜੀਆਂ, ਦਿਲਬਾਗ ਸਿੰਘ ਘੁੱਲੀ ਅਤੇ ਨਿਸ਼ਾਨ ਸਿੰਘ ਘੁੱਲੀ ਆਦਿ ਹਾਜ਼ਰ ਸਨ |