ਚੋਗਾਵਾਂ, 19 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਇਤਿਹਾਸਕ ਗੁਰਦੁਆਰਾ ਥੜੀ ਸਾਹਿਬ ਤਪ ਅਸਥਾਨ ਬਾਬਾ ਭਾਈ ਹਰਦਾਸ ਜੀ ਪਿੰਡ ਲੋਪੋਕੇ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਸਮੂਹ ਸਾਧ ਸੰਗਤ ਤੇ ਗੁ: ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਸਜੇ ਵਿਸ਼ਾਲ ਪੰਡਾਲ 'ਚ ਭਾਈ ਸਤਪਾਲ ਸਿੰਘ ਐੱਮ. ਏ. ਮੋਹਨਪੁਰਾ ਦਾ ਢਾਡੀ ਜਥਾ ਤੇ ਭਾਈ ਮੱਸਾ ਸਿੰਘ ਸਭਰਾਂ ਦੇ ਕਵੀਸ਼ਰੀ ਜਥੇ ਨੇ ਜੁੜ ਬੈਠੀਆਂ ਸੰਗਤਾਂ ਨੂੰ ਨਾਮ ਬਾਣੀ ਦੀ ਛਹਿਬਰ ਲਗਾ ਕੇ ਸਿੰਘ ਸੂਰਮਿਆਂ ਦੇ ਇਤਿਹਾਸ ਬਾਰੇ ਚਾਨਣਾ ਪਾਇਆ | ਆਏ ਹੋਏ ਜਥਿਆਂ ਨੂੰ ਪ੍ਰਬੰਧਕਾਂ ਵਲੋਂ ਗੁਰੂ ਘਰ ਦੀ ਬਖ਼ਸ਼ਿਸ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚਾਹ, ਪਕੌੜਿਆਂ ਸਮੇਤ ਕਈ ਸਵਾਦੀ ਪਕਵਾਨਾਂ ਦੇ ਲੰਗਰ ਅਤੁੱਟ ਵਰਤੇ |