20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਵਿਸ਼ਵ ਪੰਜਾਬੀ ਨਾਰੀ ਸਹਿਤਕ ਮੰਚ ਹੜ੍ਹ ਪੀੜਤ ਬੱਚਿਆਂ ਦੀ ਮਦਦ ਲਈ ਅੱਗੇ ਆਈ-ਬੱਚੀ ਦੇ ਕਾਲਜ ਦੀ ਭਰੀ ਫੀਸ <br/>

ਅਜੀਤ ਡੈਸਕ 21-01-2026
ਮਜੀਠਾ, 20 ਜਨਵਰੀ (ਜਗਤਾਰ ਸਿੰਘ ਸਹਿਮੀ) -ਪੰਜਾਬ ਵਿਚ ਬੀਤੇ ਮਹੀਨਿਆਂ ਵਿਚ ਆਏ ਵਿਨਾਸ਼ਕਾਰੀ ਹੜ੍ਹਾਂ ਨੇ ਬਹੁਤ ਸਾਰੇ ਪਰਿਵਾਰਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ | ਬਾਰਡਰ ਇਲਾਕਿਆਂ ਸਮੇਤ ਅੰਮਿ੍ਤਸਰ, ਗੁਰਦਾਸਪੁਰ ਅਤੇ ਹੋਰ ਜ਼ਿਲਿ੍ਹਆਂ ਵਿਚ ਹੜ੍ਹਾਂ ਕਾਰਨ ਘਰ-ਬਾਹਰ ਬਰਬਾਦ ਹੋ ਗਏ, ਫਸਲਾਂ ਤਬਾਹ ਹੋਈਆਂ ਅਤੇ ਲੋਕਾਂ ਦਾ ਰੋਜ਼ਗਾਰ ਖਤਮ ਹੋ ਗਿਆ | ਇਸ ਦੁੱਖ ਦੀ ਘੜੀ ਵਿਚ ਪੰਜਾਬੀ ਸਮਾਜ ਨੇ ਇਕਜੁਟ ਹੋ ਕੇ ਪੀੜਤਾਂ ਦੀ ਮਦਦ ਕੀਤੀ ਪਰ ਅਜੇ ਵੀ ਬਹੁਤ ਸਾਰੇ ਪਰਿਵਾਰ ਮੁਸੀਬਤਾਂ ਵਿਚ ਘਿਰੇ ਹੋਏ ਹਨ | ਖਾਸ ਤੌਰ 'ਤੇ ਹੜ੍ਹ ਪੀੜਤ ਪਰਿਵਾਰਾਂ ਦੇ ਬੱਚੇ ਜੋ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਹਨ, ਉਨ੍ਹਾਂ ਕੋਲ ਕਾਲਜ ਜਾਂ ਸਕੂਲ ਦੀ ਫੀਸ ਭਰਨ ਲਈ ਪੈਸੇ ਨਹੀਂ ਹਨ | ਅਜਿਹੀ ਸਥਿਤੀ ਵਿਚ ਵਿਸ਼ਵ ਪੰਜਾਬੀ ਨਾਰੀ ਸਹਿਤਕ ਮੰਚ ਨੇ ਅੱਗੇ ਆ ਕੇ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਹੈ | ਅੱਜ ਮੰਚ ਵਲੋਂ ਬਾਰਡਰ ਇਲਾਕੇ ਦੇ ਪਿੰਡ ਘੋਨੇਵਾਲ ਨਿਵਾਸੀ ਹਰਪ੍ਰੀਤ ਕੌਰ (ਕਾਲਪਨਿਕ ਨਾਮ) ਦੀ ਮਦਦ ਕੀਤੀ ਗਈ | ਹਰਪ੍ਰੀਤ ਕੌਰ ਖਾਲਸਾ ਯੂਨੀਵਰਸਿਟੀ ਇੰਜੀਨੀਅਰਿੰਗ, ਰਣਜੀਤ ਐਵੀਨਿਊ ਅੰਮਿ੍ਤਸਰ ਦੀ ਵਿਦਿਆਰਥਣ ਹੈ ਪਰ ਹੜ੍ਹਾਂ ਕਾਰਨ ਉਸ ਦੇ ਪਰਿਵਾਰ ਨੂੰ ਕਾਲਜ ਦੀ ਫੀਸ ਭਰਨ ਵਿਚ ਮੁਸ਼ਕਲ ਆ ਰਹੀ ਸੀ | ਮੰਚ ਦੇ ਉੱਦਮ ਨਾਲ ਉਸ ਦੀ ਫੀਸ ਜਮ੍ਹਾਂ ਕਰਵਾ ਦਿੱਤੀ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਨਿਰਵਿਘਨ ਜਾਰੀ ਰੱਖ ਸਕੇ | ਇਸ ਦੀ ਜਾਣਕਾਰੀ ਦਿੰਦਿਆਂ ਮੰਚ ਦੀ ਪ੍ਰਧਾਨ ਮੈਡਮ ਨਿਰਮਲ ਕੌਰ ਕੋਟਲਾ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਨਾਰੀ ਸਹਿਤਕ ਮੰਚ ਨਾ ਸਿਰਫ਼ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਿਹਾ ਹੈ ਬਲਕਿ ਸਮਾਜਿਕ ਸੇਵਾ ਵਿਚ ਵੀ ਅੱਗੇ ਰਹਿੰਦਾ ਹੈ | ਉਨ੍ਹਾਂ ਕਿਹਾ, ਹੜ੍ਹ ਪੀੜਤ ਬੱਚਿਆਂ ਦੀ ਪੜ੍ਹਾਈ ਨੂੰ ਰੁਕਣ ਨਹੀਂ ਦੇਣਾ ਚਾਹੀਦਾ | ਅਸੀਂ ਹੋਰ ਵੀ ਅਜਿਹੇ ਵਿਦਿਆਰਥੀਆਂ ਦੀ ਮਦਦ ਲਈ ਤੱਤਪਰ ਹਾਂ | ਮੁੱਖ ਪ੍ਰਬੰਧਕ ਮੈਡਮ ਜਸਬੀਰ ਕੌਰ ਜੱਸ, ਮੁੱਖ ਸਲਾਹਕਾਰ ਮੈਡਮ ਬਲਵਿੰਦਰ ਕੌਰ ਪੰਧੇਰ, ਗਗਨਦੀਪ ਸਿੰਘ ਅਤੇ ਮੰਚ ਦੇ ਹੋਰ ਮੈਂਬਰਾਂ ਨੇ ਇਸ ਉੱਦਮ ਵਿਚ ਵਿਸ਼ੇਸ਼ ਯੋਗਦਾਨ ਪਾਇਆ | ਇਸ ਦੌਰਾਨ ਖਾਲਸਾ ਯੂਨੀਵਰਸਿਟੀ ਰਣਜੀਤ ਐਵੀਨਿਊ ਅੰਮਿ੍ਤਸਰ ਦੀ ਪਿ੍ੰਸੀਪਲ ਨੂੰ ਮੰਚ ਵਲੋਂ ਸੰਪਾਦਿਤ ਕਿਤਾਬਾਂ ਵੀ ਭੇਟ ਕੀਤੀਆਂ ਗਈਆਂ | ਇਥੇ ਦੱਸਣਾ ਬਣਦਾ ਹੈ ਕਿ ਪੰਜਾਬ ਵਿਚ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਪਰ ਅਜਿਹੀਆਂ ਸੰਸਥਾਵਾਂ ਅਤੇ ਲੋਕਾਂ ਦੀ ਮਿਹਰਬਾਨੀ ਨਾਲ ਪੀੜਤ ਪਰਿਵਾਰ ਮੁੜ ਖੜ੍ਹੇ ਹੋ ਰਹੇ ਹਨ |

ਪਿਛਲੀ ਖ਼ਬਰ ਕੈਨੇਡਾ ਦੇ ਉੱਤਰੀ ਖੇਤਰ ਵਿਚ ਫ਼ੌਜ ਦੇ ... ਅਗਲੀ ਖ਼ਬਰ ਸਮਾਜ ਸੁਧਾਰ ਸੰਸਥਾ ਪੰਜਾਬ ਵਲੋਂ ਪਿੰਡ ਭੋਮਾ ਵਿਖੇ ਨਵ-ਜੰਮੀਆਂ ਧੀਆਂ ਦਾ ਲੋਹੜੀ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।