ਅਜਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿਚ ਆਉਣ ਤੋਂ ਲੈ ਕੇ ਹੁਣ ਤੱਕ ਹਲਕਾ ਅਜਨਾਲਾ ਅੰਦਰ ਸੈਂਕੜੇ ਕਰੋੜ ਰੁਪਏ ਖ਼ਰਚ ਕਰਵਾ ਕੇ ਹਲਕੇ ਦੀ ਨੁਹਾਰ ਬਦਲਣ ਵਾਲੇ ਆਪ ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਬੀਤੇ ਕੱਲ੍ਹ ਸਰਕਾਰੀ ਡਿਗਰੀ ਅਤੇ ਵੋਕੇਸ਼ਨਲ ਟਰੇਨਿੰਗ ਕਾਲਜ ਦੇ ਨੀਂਹ ਪੱਥਰ ਰੱਖਣ ਮੌਕੇ ਦਾਣਾ ਮੰਡੀ ਅਜਨਾਲਾ ਵਿਖੇ ਹੋਈ ਵਿਸ਼ਾਲ ਰੈਲੀ ਵਿਚ ਹੋਏ ਭਰਵੇਂ ਇਕੱਠ ਨੇ ਵਿਰੋਧੀਆਂ ਦੇ ਮੂੰਹ ਬੰਦ ਕਰਕੇ ਰੱਖ ਦਿੱਤੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਪ ਦੇ ਨੌਜਵਾਨ ਆਗੂ ਸਰਪੰਚ ਨਿਤੀਸ਼ ਸ਼ਾਹ ਚੱਕਬਾਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਿਕਰਾਊਰ ਵਿਖੇ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਾਲਜ ਦਾ ਨੀਂਹ ਪੱਥਰ ਰੱਖਣ ਉਪਰੰਤ ਰੈਲੀ ਨੂੰ ਸੰਬੋਧਨ ਕਰਨ ਮੌਕੇ ਹੋਏ ਠਾਠਾਂ ਮਾਰਦੇ ਇਕੱਠ ਨੇ ਸਪਸ਼ਟ ਕਰ ਦਿੱਤਾ ਹੈ ਕਿ ਲੋਕ ਤਨ ਮਨ ਨਾਲ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨਾਲ ਖੜੇ ਹਨ ਤੇ ਹੁਣ ਤੋਂ ਹੀ 2027 ਦੀਆਂ ਚੋਣਾਂ ਵਿਚ ਮੁੜ ਉਨ੍ਹਾਂ ਨੂੰ ਹਲਕੇ ਦੀ ਵਾਗਡੋਰ ਦੇਣ ਲਈ ਪੱਬਾਂ ਭਾਰ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਰਾਜ ਕਰਕੇ ਗਈਆਂ ਪਾਰਟੀਆਂ ਵਲੋਂ ਹਲਕੇ ਅੰਦਰ ਲੋਕਾਂ ਨੂੰ ਕੇਵਲ ਗੁੰਮਰਾਹ ਕਰਕੇ ਹੀ ਵੋਟਾਂ ਬਟੋਰੀਆਂ ਸਨ, ਪਰ ਜਦੋਂ ਤੋਂ ਹੀ ਵਿਧਾਇਕ ਧਾਲੀਵਾਲ ਵਲੋਂ ਹਲਕੇ ਦੀ ਕਮਾਂਡ ਸੰਭਾਲੀ ਹੈ ਉਦੋਂ ਤੋਂ ਹੀ ਹਲਕੇ ਅੰਦਰ ਜਿੱਥੇ ਵਿਕਾਸ ਦੇ ਕਾਰਜ ਜ਼ੋਰਾਂ ਨਾਲ ਸ਼ੁਰੂ ਹੋਏ ਸਨ, ਉੱਥੇ ਹੀ ਹਲਕੇ ਦੀਆਂ ਖਸਤਾ ਹਾਲਤ ਹਾਲਤ ਸੜਕਾਂ ਦਾ ਨਵੀਨੀਕਰਨ ਹੋਣ ਨਾਲ ਲੋਕਾਂ ਦਾ ਸਫ਼ਰ ਵੀ ਸੁਖਾਲਾ ਹੋਇਆ ਹੈ |
ਦਾਣਾ ਮੰਡੀ ਅਜਨਾਲਾ ਵਿਚ ਆਮ ਆਦਮੀ ਪਾਰਟੀ ਦੀ ਹੋਈ ਰੈਲੀ ਨੇ ਵਿਰੋਧੀਆਂ ਦੇ ਮੂੰਹ ਕੀਤੇ ਬੰਦ-ਸਰਪੰਚ ਨਿਤੀਸ਼ ਸ਼ਾਹ ਚੱਕਬਾਲਾ <br/>
ਅਜੀਤ ਡੈਸਕ
21-01-2026