10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਅੰਬ ਸਾਹਿਬ ਕਾਲੋਨੀ ਵਿਖੇ ਪੁਲਿਸ ਨੇ ਨਸ਼ਿਆਂ ਵਿਰੁੱਧ ਫੀਡਬੈਕ ਕੈਂਪ ਲਗਾਇਆ

ਐੱਸ. ਏ.

ਅੰਬ ਸਾਹਿਬ ਕਾਲੋਨੀ ਵਿਖੇ ਲਗਾਏ ਫੀਡਬੈਕ ਕੈਂਪ ਦੌਰਾਨ ਲੋਕਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਅਧਿਕਾਰੀ। ਅਜੀਤ ਤਸਵੀਰ 11-11-2026
ਐੱਸ. ਏ. ਐੱਸ. ਨਗਰ, 10 ਨਵੰਬਰ (ਕਪਿਲ ਵਧਵਾ)-ਮੁਹਾਲੀ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਬ ਸਾਹਿਬ ਕਾਲੋਨੀ ਵਿਖੇ ਫੀਡਬੈਕ ਕੈਂਪ ਲਗਾਇਆ। ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਤੇ ਥਾਣਾ ਫੇਜ਼-11 ਦੇ ਮੁਖੀ ਇੰਸਪੈਕਟਰ ਅਮਨ ਬੈਦਵਾਣ ਦੀ ਨਿਗਰਾਨੀ ਹੇਠ ਵਾਰਡ ਡਿਵੈਲਪਮੈਂਟ ਕਮੇਟੀ (ਡਬਲਿਊ. ਡੀ. ਸੀ.) ਦੇ ਸਹਿਯੋਗ ਨਾਲ ਲਗਾਏ ਕੈਂਪ ਦੌਰਾਨ ਇਲਾਕਾ ਵਾਸੀਆਂ ਨਾਲ ਨਸ਼ਾ ਵੇਚਣ ਤੇ ਨਸ਼ੇ ਦੇ ਸੇਵਨ ਸੰਬੰਧੀ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਤੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਲੋਕਾਂ ਨੂੰ ਹੈਲਪਲਾਈਨ ਨੰਬਰਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਭਰੋਸਾ ਦਿੱਤਾ ਗਿਆ ਕਿ ਨਸ਼ਾ ਤਸਕਰਾਂ ਸੰਬੰਧੀ ਸੂਚਨਾ ਦੇਣ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਕੈਂਪ ਦੌਰਾਨ ਇਲਾਕਾ ਵਾਸੀਆਂ ਨੇ ਪੁਲਿਸ ਨੂੰ ਫੀਡਬੈਕ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਦੀਆਂ ਲਗਾਤਾਰ ਕਾਰਵਾਈਆਂ ਅਤੇ ਜਾਗਰੂਕਤਾ ਮੁਹਿੰਮਾਂ ਕਾਰਨ ਇਲਾਕੇ ਵਿਚ ਨਸ਼ਾ ਵੇਚਣ ਤੇ ਨਸ਼ੇ ਦਾ ਸੇਵਨ ਕਰਨ ਦੀਆਂ ਘਟਨਾਵਾਂ ਵਿਚ ਭਾਰੀ ਕਮੀ ਦੇਖੀ ਗਈ ਹੈ। ਲੋਕਾਂ ਨੇ ਪੁਲਿਸ ਤੇ ਡਬਲਿਊ. ਡੀ. ਸੀ. ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕਰਦਿਆਂ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਪੁਲਿਸ ਵਲੋਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੀਤੀ ਕਾਰਵਾਈ ਸੰਬੰਧੀ ਪ੍ਰਾਪਤ ਵੇਰਵਿਆਂ ਅਨੁਸਾਰ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੁੱਲ 39 ਐੱਫ. ਆਈ. ਆਰ. ਦਰਜ ਕਰਕੇ 54 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 21 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖ਼ਲ ਕਰਵਾਇਆ, ਜਦਕਿ 25 ਮਰੀਜ਼ਾਂ ਦਾ ਇਲਾਜ ਸ਼ੁਰੂ ਕਰਵਾਇਆ। ਇਸ ਸਮੇਂ ਦੌਰਾਨ ਨਸ਼ਿਆਂ ਵਿਰੁੱਧ 75 ਲੋਕ ਮੀਟਿੰਗਾਂ ਤੇ 12 ਕਾਸੋ ਆਪ੍ਰੇਸ਼ਨ ਚਲਾਏ ਗਏ। ਇਸ ਤੋਂ ਇਲਾਵਾ ਨਸ਼ਾ ਤਸਕਰੀ ਨਾਲ ਜੁੜੀਆਂ ਗਤੀਵਿਧੀਆਂ ਵਿਰੁੱਧ ਕਾਰਵਾਈ ਕਰਦਿਆਂ ਦੋ ਇਮਾਰਤਾਂ ਢਾਹੀਆਂ ਗਈਆਂ, ਜਦਕਿ ਇਲਾਕੇ ਵਿਚ ਸਥਿਤ ਕੈਮਿਸਟ ਦੀ ਦੁਕਾਨ ਐੱਨ. ਕੇ. ਫਾਰਮਾ ਵਿਰੁੱਧ ਵੀ ਕਾਰਵਾਈ ਕੀਤੀ ਗਈ।
ਪਿਛਲੀ ਖ਼ਬਰ ਕਾਂਗਰਸ ਮੁਹੱਬਤ ਦੀ ਗੱਲ ਕਰਦੀ ਹੈ ਪਰ ਅੰਦਰ ਮਾਫੀਆ ਦਾ ਸਮਾਨ-ਦਿਨੇਸ਼ ਚੱਢਾ ਅਗਲੀ ਖ਼ਬਰ ਵਿਸ਼ਵਕਰਮਾ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਨੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।