ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ ਕਬੱਡੀ ਤੇ ਜੂਡੋ ਮੁਕਾਬਲਿਆਂ ’ਚ ਗੱਡੇ ਜਿੱਤ ਦੇ ਝੰਡੇ
ਸ੍ਰੀ ਅਨੰਦਪੁਰ ਸਾਹਿਬ, 9 ਅਕਤੂਬਰ (ਕਰਨੈਲ ਸਿੰਘ)-ਇੱਥੋਂ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ-ਕਾਲਜ ਕਬੱਡੀ ਅਤੇ ਜੂਡੋ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕਬੱਡੀ ਨੈਸ਼ਨਲ ਸਟਾਈਲ ਚੈਂਪੀਅਨਸ਼ਿਪ ’ਚ ਕਾਲਜ ਦੀ ਮਹਿਲਾ ਟੀਮ ਨੇ ਪਹਿਲਾ ਅਤੇ ਪੁਰਸ਼ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਜੂਡੋ ਚੈਂਪੀਅਨਸ਼ਿਪ ’ਚ ਪੁਰਸ਼ ਟੀਮ ਸਮੁੱਚੇ ਤੌਰ ’ਤੇ ਉਪ ਜੇਤੂ ਰਹੀ।
ਸ੍ਰੀ ਅਨੰਦਪੁਰ ਸਾਹਿਬ, 9 ਅਕਤੂਬਰ (ਕਰਨੈਲ ਸਿੰਘ)-ਇੱਥੋਂ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ-ਕਾਲਜ ਕਬੱਡੀ ਅਤੇ ਜੂਡੋ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕਬੱਡੀ ਨੈਸ਼ਨਲ ਸਟਾਈਲ ਚੈਂਪੀਅਨਸ਼ਿਪ ’ਚ ਕਾਲਜ ਦੀ ਮਹਿਲਾ ਟੀਮ ਨੇ ਪਹਿਲਾ ਅਤੇ ਪੁਰਸ਼ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਜੂਡੋ ਚੈਂਪੀਅਨਸ਼ਿਪ ’ਚ ਪੁਰਸ਼ ਟੀਮ ਸਮੁੱਚੇ ਤੌਰ ’ਤੇ ਉਪ ਜੇਤੂ ਰਹੀ। ਇਨ੍ਹਾਂ ਮੁਕਾਬਲਿਆਂ ’ਚ ਕਾਲਜ ਦੇ ਖਿਡਾਰੀਆਂ ਨੇ ਤਿੰਨ ਸੋਨੇ ਅਤੇ ਇੱਕ ਚਾਂਦੀ ਦਾ ਤਗਮਾ ਵੀ ਜਿੱਤਿਆ। ਕਬੱਡੀ ਨੈਸ਼ਨਲ ਸਟਾਈਲ ਚੈਂਪੀਅਨਸ਼ਿਪ 6 ਤੋਂ 8 ਅਕਤੂਬਰ ਤੱਕ ਈ.ਸੀ.ਪੀ.ਈ. ਕਾਲਜ ਝੁਨੀਰ ਮਾਨਸਾ ਵਿਖੇ ਕਰਵਾਈ ਗਈ, ਜਿਸ ’ਚ ਲੜਕਿਆਂ ਦੀਆਂ 16 ਅਤੇ ਲੜਕੀਆਂ ਦੀਆਂ 14 ਟੀਮਾਂ ਨੇ ਭਾਗ ਲਿਆ। ਇਸੇ ਤਰ੍ਹਾਂ ਜੂਡੋ ਚੈਂਪੀਅਨਸ਼ਿਪ 7 ਅਤੇ 8 ਅਕਤੂਬਰ ਨੂੰ ਐਮ. ਐਮ. ਮੋਦੀ ਕਾਲਜ ਪਟਿਆਲਾ ਵਿਖੇ ਹੋਈ। ਜੂਡੋ ਦੇ 81 ਕਿੱਲੋਗਰਾਮ ਭਾਰ ਵਰਗ ’ਚ ਮਾਨਵ ਬਾਵਾ, 100 ਕਿੱਲੋਗਰਾਮ ਤੋਂ ਵੱਧ ਭਾਰ ਵਰਗ ’ਚ ਰਵਿੰਦਰ ਸਿੰਘ ਅਤੇ 100 ਕਿੱਲੋਗਰਾਮ ਭਾਰ ਵਰਗ ’ਚ ਵਿੱਕੀ ਸਹੋਤਾ ਨੇ ਸੋਨੇ ਦੇ ਤਗਮੇ ਜਿੱਤੇ, ਜਦਕਿ 73 ਕਿੱਲੋਗਰਾਮ ਭਾਰ ਵਰਗ ’ਚ ਆਸ਼ੂ ਬਾਬਾ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਇਨ੍ਹਾਂ ਪ੍ਰਾਪਤੀਆਂ ਨਾਲ ਕਾਲਜ ਦੇ 13 ਕਬੱਡੀ ਖਿਡਾਰੀਆਂ ਅਤੇ ਤਿੰਨ ਜੂਡੋ ਖਿਡਾਰੀਆਂ ਸਮੇਤ ਕੁੱਲ 16 ਖਿਡਾਰੀਆਂ ਦੀ ਪੰਜਾਬੀ ਯੂਨੀਵਰਸਿਟੀ ਦੇ ਅੰਤਰ-ਵਰਸਿਟੀ ਕੈਂਪਾਂ ਲਈ ਚੋਣ ਹੋਈ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀਆਂ ਹੋਰ ਨੌਜਵਾਨਾਂ ਨੂੰ ਭਵਿੱਖ ’ਚ ਵੱਡੇ ਮੁਕਾਮ ਹਾਸਿਲ ਕਰਨ ਲਈ ਉਤਸ਼ਾਹਿਤ ਕਰਨਗੀਆਂ। ਉਨ੍ਹਾਂ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਜਗਵੰਤ ਸਿੰਘ, ਕਬੱਡੀ ਕੋਚ ਗੁਰਦੇਵ ਸਿੰਘ ਅਤੇ ਲਖਵੀਰ ਸਿੰਘ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਅਤੇ ਚੁਣੇ ਗਏ ਖਿਡਾਰੀਆਂ ਨੂੰ ਆਉਣ ਵਾਲੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।