ਮੋਰਚੇ ਦੇ ਆਗੂਆਂ ਵਲੋਂ ਗ਼ਰੀਬਾਂ ਨੂੰ ਵੰਡੀਆਂ ਜਾ ਰਹੀਆਂ ਰਾਸ਼ਨ ਕਿੱਟਾਂ ’ਚ ਮਿਲਾਵਟ ਦੇ ਲਗਾਏ ਦੋਸ਼, ਮਾਰਕਫੈੱਡ ਦੀ ਲੈਬ ਟੀਮ ਨੇ ਲਏ ਸੈਂਪਲ
ਸ਼੍ਰੀ ਚਮਕੌਰ ਸਾਹਿਬ, 2 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੀ ਚਮਕੌਰ ਸਾਹਿਬ ਮੋਰਚੇ ਦੇ ਆਗੂਆਂ ਲਖਵੀਰ ਸਿੰਘ ਲੱਖੀਂ ਹਾਫਿਜਾਬਾਦ, ਜੁਝਾਰ ਸਿੰਘ ਆਦਿ ਨੇ ਪੰਜਾਬ ਸਰਕਾਰ ਵਲੋਂ ਗ਼ਰੀਬ ਲੋਕਾਂ ਨੂੰ ਵੰਡੀਆਂ ਜਾ ਰਹੀਆਂ ਰਾਸ਼ਨ ਕਿੱਟਾਂ ਦੇ ਸਮਾਨ ਵਿਚ ਮਿਲਾਵਟ ਹੋਣ ਦੇ ਗੰਭੀਰ ਦੋਸ਼ ਲਗਾਏ ਹਨ। ਆਗੂਆਂ ਨੇ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ।
ਸ਼੍ਰੀ ਚਮਕੌਰ ਸਾਹਿਬ, 2 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੀ ਚਮਕੌਰ ਸਾਹਿਬ ਮੋਰਚੇ ਦੇ ਆਗੂਆਂ ਲਖਵੀਰ ਸਿੰਘ ਲੱਖੀਂ ਹਾਫਿਜਾਬਾਦ, ਜੁਝਾਰ ਸਿੰਘ ਆਦਿ ਨੇ ਪੰਜਾਬ ਸਰਕਾਰ ਵਲੋਂ ਗ਼ਰੀਬ ਲੋਕਾਂ ਨੂੰ ਵੰਡੀਆਂ ਜਾ ਰਹੀਆਂ ਰਾਸ਼ਨ ਕਿੱਟਾਂ ਦੇ ਸਮਾਨ ਵਿਚ ਮਿਲਾਵਟ ਹੋਣ ਦੇ ਗੰਭੀਰ ਦੋਸ਼ ਲਗਾਏ ਹਨ। ਆਗੂਆਂ ਨੇ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਰਾਸ਼ਨ ਕਿੱਟਾਂ ’ਚ ਮਿਲ ਰਹੇ ਤੇਲ (ਬੈਚ ਨੰਬਰ 125) ਅਤੇ ਹਲਦੀ ਪਾਊਡਰ ਦੀ ਮਿਲਾਵਟ ਸਬੰਧੀ ਸਥਾਨਕ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਨੂੰ ਸ਼ਿਕਾਇਤ ਕੀਤੀ ਗਈ ਸੀ। ਵਿਭਾਗ ਵਲੋਂ ਸ਼ਿਕਾਇਤ ਮਾਰਕਫੈੱਡ ਦੇ ਹੈੱਡ ਆਫ਼ਿਸ ਚੰਡੀਗੜ੍ਹ ਭੇਜ ਦਿੱਤੀ ਗਈ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਰਕਫੈੱਡ ਦੇ ਉੱਚ ਅਧਿਕਾਰੀਆਂ ਨੇ ਆਪਣੀ ਜਲੰਧਰ ਸਥਿਤ ਲੈਬਾਰਟਰੀ ਤੋਂ ਇੱਕ ਵਿਸ਼ੇਸ਼ ਟੀਮ ਇੱਥੇ ਭੇਜੀ ,ਜਿਸ ਨੇ ਆਗੂਆਂ ਦੀ ਮੌਜੂਦਗੀ ਵਿਚ ਕਿੱਟ ਵਿਚਲੇ ਤੇਲ ਅਤੇ ਹਲਦੀ ਦੇ ਸੈਂਪਲ ਵੇਖ ਕੇ ਮੰਨਿਆ ਕਿ ਸਮਾਨ ਵਿਚ ਕਥਿਤ ਤੌਰ ’ਤੇ ਗੜਬੜੀ ਹੈ। ਟੀਮ ਨੇ ਮੌਕੇ ’ਤੇ ਸੈਂਪਲ ਇਕੱਤਰ ਕੀਤੇ ਅਤੇ ਸੋਮਵਾਰ ਤੱਕ ਜਾਂਚ ਰਿਪੋਰਟ ਸੌਂਪਣ ਦਾ ਭਰੋਸਾ ਦਿੱਤਾ ਹੈ। ਇਨ੍ਹਾਂ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਗ਼ਰੀਬਾਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਜੇਕਰ ਜਾਂਚ ਰਿਪੋਰਟ ਵਿਚ ਮਿਲਾਵਟ ਸਾਬਤ ਹੁੰਦੀ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਸੰਘਰਸ਼ ਵਿੱਢਿਆ ਜਾਵੇਗਾ। ਕੀ ਕਹਿਣਾ ਹੈ ਅਧਿਕਾਰੀਆਂ ਦਾ-ਇਸ ਸਬੰਧੀ ਜਦੋਂ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲਖਵੀਰ ਸਿੰਘ ਹਾਫਿਜਾਬਾਦ ਵਲੋਂ ਪ੍ਰਾਪਤ ਹੋਈ ਸ਼ਿਕਾਇਤ ਨੂੰ ਤੁਰੰਤ ਉੱਚ ਅਧਿਕਾਰੀਆਂ ਕੋਲ ਭੇਜ ਦਿੱਤਾ ਗਿਆ ਸੀ। ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਹੀ ਲੈਬਾਰਟਰੀ ਟੀਮ ਵਲੋਂ ਸੈਂਪਲ ਲਏ ਗਏ ਹਨ ਤਾਂ ਜੋ ਅਸਲ ਸਚਾਈ ਸਾਹਮਣੇ ਆ ਸਕੇ।