ਰੂਪਨਗਰ ਦੀਆਂ ਟੁੱਟੀਆਂ ਸੜਕਾਂ ‘ਮੇਕਅੱਪ ਵਾਲੀਆਂ ਸੜਕਾਂ’ ਵਜੋਂ ਹੋਈਆਂ ਮਸ਼ਹੂਰ
ਰੂਪਨਗਰ , 21 ਸਤੰਬਰ ( ਗੁਰਪ੍ਰੀਤ ਸਿੰਘ ਹੁੰਦਲ )- ਦੇਸ਼ ਨੂੰ ਆਜ਼ਾਦ ਹੋਏ ਲਗਭਗ 80 ਸਾਲ ਬੀਤ ਚੁੱਕੇ ਹਨ , ਪਰ ਅੱਜ ਵੀ ਸ਼ਹਿਰ ਅਤੇ ਨੇੜਲੇ ਇਲਾਕਿਆਂ ਜਿਵੇਂ ਕਿ ਮੇਨ ਬਾਈਪਾਸ , ਫੂਲ , ਪਿੰਡ ਬੜੀ ਹਵੇਲੀ , ਛੋਟੀ ਹਵੇਲੀ , ਸ਼ਾਮਪੁਰਾ , ਕੋਟਲਾ ਨਿਹੰਗ , ਜੇ . ਐਸ .
ਰੂਪਨਗਰ , 21 ਸਤੰਬਰ ( ਗੁਰਪ੍ਰੀਤ ਸਿੰਘ ਹੁੰਦਲ )- ਦੇਸ਼ ਨੂੰ ਆਜ਼ਾਦ ਹੋਏ ਲਗਭਗ 80 ਸਾਲ ਬੀਤ ਚੁੱਕੇ ਹਨ , ਪਰ ਅੱਜ ਵੀ ਸ਼ਹਿਰ ਅਤੇ ਨੇੜਲੇ ਇਲਾਕਿਆਂ ਜਿਵੇਂ ਕਿ ਮੇਨ ਬਾਈਪਾਸ , ਫੂਲ , ਪਿੰਡ ਬੜੀ ਹਵੇਲੀ , ਛੋਟੀ ਹਵੇਲੀ , ਸ਼ਾਮਪੁਰਾ , ਕੋਟਲਾ ਨਿਹੰਗ , ਜੇ . ਐਸ . ਰਿਜ਼ੋਰਟ , ਹੁਸੈਨਪੁਰ , ਸਰਹਿੰਦ ਨਹਿਰ ਰੋਡ ਅਤੇ ਸਨ ਸਿਟੀ 2 ਦੀਆਂ ਮੁੱਖ ਸੜਕਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਇਨ੍ਹਾਂ ਨੂੰ ਵਿਅੰਗ ਵਜੋਂ ‘ ਮੇਕਅੱਪ ਵਾਲੀਆਂ ਸੜਕਾਂ ’ ਕਹਿਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਟੁੱਟੀਆਂ ਸੜਕਾਂ ਇਸੇ ਨਾਂ ਨਾਲ ਮਸ਼ਹੂਰ ਹੋ ਗਈਆਂ ਹਨ । ਆਜ਼ਾਦੀ ਦੇ ਇੰਨੇ ਲੰਬੇ ਸਾਲ ਲੰਘ ਜਾਣ ਦੇ ਬਾਵਜੂਦ ਵੀ ਆਮ ਆਦਮੀ ਪੱਕੀਆਂ ਅਤੇ ਸਾਫ਼ - ਸੁਥਰੀਆਂ ਸੜਕਾਂ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ । ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਸਰਕਾਰਾਂ ਆਈਆਂ ਅਤੇ ਗਈਆਂ , ਪਰ ਇਨ੍ਹਾਂ ਸੜਕਾਂ ਦੀ ਕਿਸਮਤ ਨਹੀਂ ਬਦਲੀ ਅਤੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ । ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਜਦੋਂ ਪ੍ਰਸ਼ਾਸਨ ਕੋਈ ਸਾਰ ਨਹੀਂ ਲੈਂਦਾ , ਤਾਂ ਅੱਕ ਕੇ ਲੋਕਾਂ ਵਲੋਂ ਖ਼ੁਦ ਹੀ ਇਨ੍ਹਾਂ ਬੜੇ - ਬੜੇ ਖੱਡਿਆਂ ਵਿਚ ਇੱਟਾਂ ਅਤੇ ਸੀਮੈਂਟ ਦੇ ਟੁਕੜੇ ਸੁੱਟ ਕੇ ਉਨ੍ਹਾਂ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਦੇਖਣ ਵਿਚ ਇਹ ਟੁਕੜੇ ਇੰਝ ਜਾਪਦੇ ਹਨ ਜਿਵੇਂ ਸੜਕ ਉੱਤੇ ਕੋਈ ਮੇਕਅੱਪ ਕੀਤਾ ਗਿਆ ਹੋਵੇ , ਜਿਸ ਕਰਕੇ ਲੋਕਾਂ ਨੇ ਇਸਨੂੰ ‘ ਮੇਕਅੱਪ ਵਾਲੀਆਂ ਸੜਕਾਂ ’ ਦਾ ਨਾਂਅ ਦੇ ਦਿੱਤਾ ਹੈ । ਪ੍ਰਸ਼ਾਸਨ ਵਲੋਂ ਜਾਂ ਲੋਕਾਂ ਵਲੋਂ ਕੀਤੀ ਜਾਣ ਵਾਲੀ ਇਹ ਅਸਥਾਈ ਪੋਚਾ - ਪਾਚੀ ਜ਼ਿਆਦਾ ਦੇਰ ਨਹੀਂ ਟਿਕਦੀ ਅਤੇ ਪਹਿਲੀ ਹੀ ਬਰਸਾਤ ਜਾਂ ਭਾਰੇ ਵਾਹਨਾਂ ਦੇ ਲੰਘਣ ਨਾਲ ਸੜਕ ਫਿਰ ਤੋਂ ਨਰਕ ਬਣ ਜਾਂਦੀ ਹੈ । ਸੜਕਾਂ ਵਿਚ ਬਣੇ ਇਨ੍ਹਾਂ ਬੜੇ - ਬੜੇ ਖੱਡਿਆਂ ਅਤੇ ਮੀਂਹ ਦੇ ਪਾਣੀ ਦਾ ਭਰਨਾ ਅਧਿਕਾਰੀਆਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ । ਇਨ੍ਹਾਂ ਟੋਇਆਂ ਵਿਚ ਪਾਣੀ ਭਰ ਜਾਣ ਕਾਰਨ ਵਾਹਨ ਚਾਲਕ ਅਤੇ ਰਾਹਗੀਰ ਅਕਸਰ ਡਿੱਗ ਕੇ ਜ਼ਖ਼ਮੀ ਹੋ ਰਹੇ ਹਨ । ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਾਹਕਾਂ ਦਾ ਇੱਥੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ , ਜਿਸ ਕਾਰਨ ਕਾਰੋਬਾਰ ’ ਤੇ ਵੀ ਭਾਰੀ ਅਸਰ ਪੈ ਰਿਹਾ ਹੈ । ਇਸ ਤੋਂ ਇਲਾਵਾ ਸਕੂਲੀ ਬੱਚਿਆਂ ਨੂੰ ਵੀ ਆਪਣੀ ਪੜ੍ਹਾਈ ਲਈ ਆਉਂਦਿਆਂ - ਜਾਂਦਿਆਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਸਥਾਨਕ ਨਿਵਾਸੀਆਂ ਨੇ ਸਰਕਾਰ ਅਤੇ ਸਬੰਧਤ ਵਿਭਾਗਾਂ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਮਹਿਜ਼ ਖਾਨਾਪੂਰਤੀ ਜਾਂ ਲੋਕਾਂ ਵਲੋਂ ਕੀਤੀ ਜਾਂਦੀ ਅਸਥਾਈ ਜੁਗਾੜਬੰਦੀ ਦੀ ਬਜਾਏ ਇਨ੍ਹਾਂ ਖਸਤਾ ਹਾਲ ਸੜਕਾਂ ਦੀ ਪੱਕੀ ਅਤੇ ਮਿਆਰੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਸਦੀਵੀ ਨਿਜਾਤ ਮਿਲ ਸਕੇ ।