30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਐਫ.ਏ.ਐਸ.ਸੀ. ਵਲੋਂ ਕਿਸਾਨਾਂ ਨੂੰ ਪਾਣੀ ਬਚਾਉਣ ਦੀ ਅਪੀਲ <br/>

ਅਜੀਤ ਡੈਸਕ 22-05-2026
ਨੂਰਪੁਰ ਬੇਦੀ, 21 ਮਈ (ਵਿੰਦਰਪਾਲ ਝਾਂਡੀਆਂ)- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਰੂਪਨਗਰ ਦੇ ਅਧਿਕਾਰੀਆਂ ਵਲੋਂ ਪਿੰਡ ਗੜਬਾਗਾ ਦੇ ਦੌਰੇ ਦੌਰਾਨ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਇਲਾਕੇ ਦੇ ਕਿਸਾਨਾਂ ਨੂੰ ਐਡਵਾਈਜ਼ਰੀ ਜਾਰੀ ਕਰਦੇ ਹੋਏ ਸਲਾਹ ਦਿੱਤੀ ਗਈ ਕਿ ਗਰਮੀ ਦੇ ਇਸ ਮਹੀਨੇ ਬਿਨਾਂ ਜ਼ਰੂਰਤ ਤੋਂ ਸਿਰਫ਼ ਜ਼ਮੀਨ ਨੂੰ ਠੰਢੀ ਕਰਨ ਲਈ ਪਾਣੀ ਨਹੀਂ ਦੇਣਾ ਚਾਹੀਦਾ | ਅਜਿਹਾ ਕਰਨ ਨਾਲ ਜਿੱਥੇ ਪਾਣੀ ਦੀ ਬਰਬਾਦੀ ਹੁੰਦੀ ਹੈ ਉੱਥੇ ਬਿਮਾਰੀਆਂ ਅਤੇ ਕੀੜੀਆਂ ਦੇ ਹਮਲੇ ਵਿਚ ਵੀ ਵਾਧਾ ਹੁੰਦਾ ਹੈ | ਡਾ.ਰਮਿੰਦਰ ਸਿੰਘ ਘੁੰਮਣ (ਇੰਚਾਰਜ ਐਫ. ਏ.ਐਸ.ਸੀ.) ਨੇ ਕਿਸਾਨਾਂ ਨੂੰ ਝੋਨੇ ਦੀ ਪਿਛੇਤੀ ਬਿਜਾਈ ਨੂੰ ਤਰਜੀਹ ਦੇਣ ਲਈ ਕਿਹਾ | ਪਿਛੇਤੀ ਬਿਜਾਈ ਪਾਣੀ ਦੀ ਬੱਚਤ ਤੇ ਕੀੜਿਆਂ ਬਿਮਾਰੀਆਂ ਤੋਂ ਫ਼ਸਲ ਨੂੰ ਬਚਾਉਣ ਵਿਚ ਸਹਾਈ ਹੁੰਦੀ ਹੈ | ਮਾਹਿਰਾਂ ਨੇ ਇਹ ਵੀ ਸਲਾਹ ਦਿੱਤੀ ਕਿ ਝੋਨੇ ਦੀ ਫ਼ਸਲ ਵਿਚ ਪਾਣੀ ਸੁਕਾ ਸੁਕਾ ਕੇ ਲਗਾਉਣਾ ਚਾਹੀਦਾ ਹੈ | ਇਸ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ ਉੱਥੇ ਕੀੜੇ ਤੇ ਬਿਮਾਰੀਆਂ ਤੇ ਵੀ ਠੱਲ ਪੈਂਦੀ ਹੈ | ਚਿੱਟੀ ਪਿੱਠ ਵਾਲੇ ਟਿੱਡੇ ਦੇ ਹਮਲੇ ਤੋਂ ਫ਼ਸਲ ਨੂੰ ਬਚਾਉਣ ਲਈ ਪਨੀਰੀ ਤੇ ਫ਼ਸਲ ਦਾ ਲਗਾਤਾਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ | ਲੋੜ ਪੈਣ ਤੇ ਟਿੱਡੇ ਦੇ ਰੋਕਥਾਮ ਲਈ ਸਿਫ਼ਾਰਸ਼ ਕੀੜੇਮਾਰ ਦਵਾਈਆਂ ਦੀ ਵਰਤੋਂ ਜ਼ਰੂਰ ਕਰੋ | ਇਸ ਤੋਂ ਇਲਾਵਾ ਨਵੇਂ ਲਗਾਏ ਅਤੇ ਪੁਰਾਣੇ ਫਲਦਾਰ ਬੂਟਿਆਂ ਨੂੰ ਗਰਮੀ ਤੋਂ ਬਚਾਉਣ ਲਈ ਲੋੜ ਅਨੁਸਾਰ ਪਾਣੀ ਦਿੰਦੇ ਰਹੋ |
ਡਾ. ਅਵਨੀਤ ਕੌਰ ਨੇ ਦੱਸਿਆ ਕਿ ਗਰਮ ਹਵਾਵਾਂ ਤੋਂ ਬਾਗ਼ਾਂ ਨੂੰ ਬਚਾਉਣ ਲਈ ਆਲ਼ੇ ਦੁਆਲੇ ਹਵਾ ਰੋਕੂ ਵਾੜ ਲਗਾਈ ਜਾਣੀ ਚਾਹੀਦੀ ਹੈ | ਘਰਾਂ ਵਿਚ ਕੰਧਾਂ ਨੇੜੇ ਲੱਗੇ ਬੂਟਿਆਂ ਜਿਵੇਂ ਕਿ ਨਿੰਬੂ, ਅਨਾਰ ਆਦਿ ਦੇ ਫਲਾਂ ਨੂੰ ਫਟਣ ਤੋਂ ਬਚਾਉਣ ਲਈ ਛੋਰਾ ਕਰਨਾ ਚਾਹੀਦਾ ਹੈ, ਬੂਟਿਆਂ ਦੀ ਛਤਰੀ ਥੱਲੇ ਪਰਾਲੀ ਵਿਛਾ ਕੇ ਨਮੀ ਬਰਕਰਾਰ ਰੱਖਣੀ ਚਾਹੀਦੀ ਹੈ | ਸਬਜ਼ੀਆਂ ਤੇ ਹੋਰ ਫ਼ਸਲਾਂ ਨੂੰ ਲੋੜ ਮੁਤਾਬਿਕ ਪਾਣੀ ਦੇਣਾ ਚਾਹੀਦਾ ਹੈ |

ਪਿਛਲੀ ਖ਼ਬਰ 28 ਮਈ ਤੋਂ ਹੈੱਡ ਆਫ਼ਿਸ ਪਟਿਆਲਾ ਦਾ ਕਰਾਂਗੇ ਘਿਰਾਓ: ਜਸਬੀਰ ਜਿੰਦਬੜੀ ਅਗਲੀ ਖ਼ਬਰ ਭਾਰਤੀ ਪ੍ਰਬੰਧਕੀ ਸੇਵਾਵਾਂ ਲਈ ਚੁਣੀਆਂ ਗਈਆਂ ਨਾਇਕਾਵਾਂ ਨਾਲ ਰੂ-ਬਰੂ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।