ਨੂਰਪੁਰ ਬੇਦੀ, 16 ਮਈ (ਰਾਜੇਸ਼ ਚੌਧਰੀ ਤਖਤਗੜ੍ਹ)- ਪੀਰ ਬਾਬਾ ਜ਼ਿੰਦਾ ਸ਼ਹੀਦ ਅਸਥਾਨ ਦੇ ਚੜ੍ਹਾਵੇ ਅਤੇ ਪ੍ਰਬੰਧਨ ਨੂੰ ਲੈ ਕੇ ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ ਨੇ ਵੱਡੇ ਸਵਾਲ ਖੜੇ ਕਰਦਿਆਂ ਮੰਗ ਕੀਤੀ ਕਿ ਗੋਲਕ ਦੀ ਗਿਣਤੀ ਦਾ ਸਾਰਾ ਕਾਰਜ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਆਨਲਾਈਨ ਲਾਈਵ ਕੀਤਾ ਜਾਵੇ ਤਾਂ ਜੋ ਸੰਗਤ ਨੂੰ ਪੂਰੀ ਪਾਰਦਰਸ਼ਤਾ ਮਿਲ ਸਕੇ | ਰਾਣਾ ਨੇ ਕਿਹਾ ਕਿ ਅਸਥਾਨ ਦੀ ਮੈਨੇਜਮੈਂਟ ਦਾ ਮੁੱਖ ਕਾਰਜਕਾਰ ਜ਼ਿਲ੍ਹਾ ਪੁਲਿਸ ਰੂਪਨਗਰ ਕੋਲ ਹੈ ਤੇ ਹਰ ਮਹੀਨੇ ਲੱਖਾਂ ਰੁਪਏ ਦਾ ਚੜ੍ਹਾਵਾ ਆਉਂਦਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਬੀਤੇ ਸਮੇਂ ਵਿਚ ਚੜ੍ਹਾਵੇ ਦੀ ਰਕਮ ਜਮ੍ਹਾਂ ਕਰਵਾਉਣ ਦੌਰਾਨ ਘੁਟਾਲੇਬਾਜ਼ੀ ਦੇ ਮਾਮਲੇ ਵੀ ਸਾਹਮਣੇ ਆਏ ਸਨ, ਇਸ ਲਈ ਸਾਰੇ ਬੈਂਕ ਖਾਤਿਆਂ ਅਤੇ ਚੜ੍ਹਾਵੇ ਦੇ ਪੈਸੇ ਦੀ ਪੂਰੀ ਜਾਣਕਾਰੀ ਜਨਤਕ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਚੜ੍ਹਾਵੇ ਦੀ ਗਿਣਤੀ ਮੌਕੇ ਸਿਆਸੀ ਆਗੂਆਂ ਦੀ ਮੌਜੂਦਗੀ ਵੀ ਸਵਾਲ ਖੜੇ ਕਰਦੀ ਹੈ ਤੇ ਇਹ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਕਿਸ ਅਧਿਕਾਰ ਤਹਿਤ ਉੱਥੇ ਬੈਠਦੇ ਹਨ | ਰਾਣਾ ਨੇ ਮੰਗ ਕੀਤੀ ਕਿ ਚੜ੍ਹਾਵੇ ਦੀ ਰਕਮ ਅਸਥਾਨ ਤੋਂ ਬੈਂਕ ਤੱਕ ਲਿਜਾਣ ਦੀ ਪ੍ਰਕਿਰਿਆ ਵੀ ਜਨਤਕ ਕੀਤੀ ਜਾਵੇ | ਰਾਣਾ ਨੇ ਦੋਸ਼ ਲਗਾਇਆ ਕਿ ਸਲਾਨਾ ਜੋੜ ਮੇਲੇ ਵਿਚ ਵੀ ਸਿਆਸੀ ਦਖ਼ਲ-ਅੰਦਾਜ਼ੀ ਵਧ ਰਹੀ ਹੈ ਤੇ ਸੱਦਾ ਪੱਤਰ ਵੀ ਸਿਆਸੀ ਪ੍ਰਭਾਵ ਹੇਠ ਵੰਡੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਹ ਧਾਰਮਿਕ ਸਮਾਗਮਾਂ ਦੀ ਮਰਿਆਦਾ ਖ਼ਿਲਾਫ਼ ਹੈ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਸਥਾਨ ਦੇ ਖਾਤੇ ਵਿਚੋਂ ਲਗਾਏ ਗਏ ਸੀ.ਸੀ.ਟੀ.ਵੀ. ਕੈਮਰਿਆਂ ਤੇ ਲਾਈਟਾਂ ਦੇ ਖ਼ਰਚੇ ਜਨਤਕ ਕੀਤੇ ਜਾਣ |