ਕੀਰਤਪੁਰ ਸਾਹਿਬ, 7 ਮਈ (ਬੀਰ ਅੰਮਿ੍ਤਪਾਲ ਸਿੰਘ ਸੰਨੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਕੀਰਤਪੁਰ ਸਾਹਿਬ ਇਕਾਈ ਦੀ ਇੱਕ ਅਹਿਮ ਮੀਟਿੰਗ ਅੱਜ ਸ਼੍ਰੋਮਣੀ ਕਮੇਟੀ ਮੈਂਬਰ 'ਤੇ ਪਾਰਟੀ ਦੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਨਾਲ ਸਬੰਧਿਤ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ ਇਸ ਦੌਰਾਨ ਆਗਾਮੀ ਨਗਰ ਪੰਚਾਇਤ ਅਤੇ ਕੌਂਸਲ ਚੋਣਾਂ ਸਬੰਧੀ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ | ਇਸ ਦੌਰਾਨ ਭਾਈ ਚਾਵਲਾ ਨੇ ਕਿਹਾ ਕਿ ਭਵਿੱਖ ਵਿਚ ਹੋਣ ਵਾਲੀਆਂ ਚੋਣਾਂ ਭਾਵੇਂ ਉਹ ਨਗਰ ਕੌਂਸਲ, ਨਗਰ ਪੰਚਾਇਤ ਜਾ ਵਿਧਾਨ ਸਭਾ ਦੀਆਂ ਕਿਉਂ ਨਾ ਹੋਣ ਪਾਰਟੀ ਵਰਕਰਾਂ ਵਿਚ ਇਸ ਨੂੰ ਲੈ ਕੇ ਪੂਰਾ ਜੋਸ਼ ਭਰਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੀਰਤਪੁਰ ਸਾਹਿਬ ਦੇ ਸਾਰੇ ਵਾਰਡਾਂ ਵਿਚ ਚੋਣ ਲੜੇਗਾ | ਉਨ੍ਹਾਂ ਕਿਹਾ ਕਿ ਚੋਣਾਂ ਦੇ ਐਲਾਨ ਹੁੰਦਿਆਂ ਹੀ ਪਾਰਟੀ ਵਲੋਂ ਉਮੀਦਵਾਰ ਐਲਾਨ ਦਿੱਤੇ ਜਾਣਗੇ | ਇਸ ਮੌਕੇ ਭਾਈ ਅਮਰਜੀਤ ਸਿੰਘ ਚਾਵਲਾ ਤੋਂ ਇਲਾਵਾ ਠੇਕੇਦਾਰ ਗੁਰਵਿੰਦਰ ਸਿੰਘ ਸਰਕਲ ਪ੍ਰਧਾਨ, ਮਨਜੀਤ ਸਿੰਘ ਨੀਟੂ, ਦਲਜੀਤ ਸਿੰਘ ਜੀਤੀ, ਨਿਰਮਲ ਸਿੰਘ, ਪਰਮਜੀਤ ਸਿੰਘ, ਸੁਖਜੀਤ ਸਿੰਘ ਰਮਨ, ਸੰਤੋਖ ਸਿੰਘ, ਅਜੀਤ ਸਿੰਘ ਬਾਬਾ, ਲਖਵਿੰਦਰ ਸਿੰਘ ਲੱਖਾ, ਅੰਮਿ੍ਤ ਪਾਲ ਸਿੰਘ, ਹਰਵਿੰਦਰ ਸਿੰਘ, ਗੁਰਮੀਤ ਸਿੰਘ ਸਮੇਤ ਵੱਡੀ ਗਿਣਤੀ ਪਾਰਟੀ ਵਰਕਰ ਮੌਜੂਦ ਸਨ |