ਕੀਰਤਪੁਰ ਸਾਹਿਬ, 6 ਮਈ (ਬੀਰ ਅੰਮਿ੍ਤਪਾਲ ਸਿੰਘ ਸੰਨੀ)- ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਕੀਤੀ ਸ਼ੁਕਰਾਨਾ ਯਾਤਰਾ ਦਾ ਕੀਰਤਪੁਰ ਸਾਹਿਬ ਵਿਖੇ ਪਹੁੰਚਣ 'ਤੇ ਪਾਰਟੀ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਕੀਰਤਪੁਰ ਸਾਹਿਬ ਵਿਖੇ ਇਲਾਕੇ ਦੇ ਵੱਡੀ ਗਿਣਤੀ ਪਾਰਟੀ ਵਰਕਰ ਚੇਅਰਮੈਨ ਕਮਿਕਰ ਸਿੰਘ ਡਾਢੀ ਦੀ ਅਗਵਾਈ ਹੇਠ ਨਵੇਂ ਨਵੇਂ ਬੱਸ ਅੱਡੇ ਨਜ਼ਦੀਕ ਇਕੱਠੇ ਹੋਏ ਸਨ | ਇਸ ਦੌਰਾਨ ਮੁੱਖ ਮੰਤਰੀ ਦੇ ਕੀਰਤਪੁਰ ਸਾਹਿਬ ਵਿਖੇ ਪਹੁੰਚਣ 'ਤੇ ਪਾਰਟੀ ਵਰਕਰਾਂ ਵਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ | ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਜਦੋਂ ਵੀ ਕਦੇ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਦਾ ਮੁੱਦਾ ਉੱਠਦਾ ਸੀ ਤਾਂ ਲੋਕਾਂ ਦੀ ਇਹ ਮੰਗ ਰਹਿੰਦੀ ਸੀ ਕਿ ਇਸ ਸਬੰਧੀ ਸਖਤ ਕਾਨੂੰਨ ਬਣਾਏ ਜਾਣ ਪਰ ਅਫਸੋਸ ਕਿਸੇ ਵੀ ਸਿਆਸੀ ਪਾਰਟੀ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ | ਉਹਨਾਂ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨ ਅਮਲ ਵਿਚ ਲਿਆਂਦਾ ਜਾਵੇਗਾ ਜੋ ਕਿ ਪਿਛਲੇ ਦਿਨੀ ਵਿਧਾਨ ਸਭਾ 'ਚ ਪਾਸ ਵੀ ਕਰ ਦਿੱਤਾ ਗਿਆ | ਇਸ ਕਾਨੂੰਨ ਤਹਿਤ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਮਿਸਾਲੀ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ | ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਕਮਿਕਰ ਸਿੰਘ ਡਾਢੀ, ਤਰਲੋਚਨ ਸਿੰਘ ਪ੍ਰਧਾਨ ਟਰੱਕ ਯੂਨੀਅਨ ਕੀਰਤਪੁਰ ਸਾਹਿਬ, ਗੁਰਪ੍ਰੀਤ ਸਿੰਘ ਅਰੋੜਾ ਚੇਅਰਮੈਨ ਵਪਾਰ ਵਿੰਗ, ਰਾਜਮੁੱਖ ਸਿੰਘ ਰਾਣਾ ਬਲਾਕ ਪ੍ਰਧਾਨ, ਗਫੂਰ ਮੁਹੰਮਦ ਬਲਾਕ ਪ੍ਰਧਾਨ, ਜੋਗਿੰਦਰ ਸਿੰਘ ਕੌਂਸਲਰ ਵਾਰਡ ਨੰਬਰ 10, ਕਸ਼ਮੀਰ ਸਿੰਘ, ਧਰਮ ਸਿੰਘ ਦੋਲੋਵਾਲ, ਬਲਵਿੰਦਰ ਸਿੰਘ ਫੌਜੀ ਸਰਪੰਚ ਝਿੰਜੜੀ, ਜਸਵੀਰ ਸਿੰਘ ਰਾਣਾ, ਮੈਡਮ ਪ੍ਰਕਾਸ਼ ਕੌਰ, ਜਰਨੈਲ ਸਿੰਘ ਮੱਸੇਵਾਲ ਸਮੇਤ ਵੱਡੀ ਗਿਣਤੀ ਲੋਕ ਮੌਜੂਦ ਸਨ |