ਕਾਹਨਪੁਰ ਖੂਹੀ, 6 ਮਈ (ਗੁਰਬੀਰ ਸਿੰਘ ਵਾਲੀਆ)- ਖੇਤਰ ਦੇ ਪਿੰਡ ਸਵਾੜਾ ਵਿਚ ਦਿਨ ਦਿਹਾੜੇ ਹੋਈ ਸੋਲਰ ਸਿਸਟਮ ਦੀ ਮਹਿੰਗੀ ਕਾਪਰ ਤਾਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਬਲਵਿੰਦਰ ਸਿੰਘ ਸਵਾੜਾ ਨੇ ਦੱਸਿਆ ਕਿ ਉਸਨੇ ਆਪਣੇ ਖੇਤਾਂ ਵਿਚ ਮੁੱਖ ਸੜਕ ਨੇੜੇ ਦੋ ਮੰਜ਼ਿਲਾਂ ਮਕਾਨ ਬਣਾਇਆ ਹੋਇਆ ਹੈ | ਸਵੇਰੇ ਕਰੀਬ 10 ਵਜੇ ਉਹ ਮਕਾਨ ਬੰਦ ਕਰਕੇ ਘਰ ਚਲਾ ਗਿਆ ਸੀ | ਜਦੋਂ ਦੁਪਹਿਰ ਕਰੀਬ ਢਾਈ ਵਜੇ ਉਹ ਮੁੜ ਖੇਤਾਂ ਵਿੱਚ ਪਹੁੰਚਿਆ ਤਾਂ ਮਕਾਨ ਦੀ ਦੂਜੀ ਮੰਜ਼ਿਲ 'ਤੇ ਲੱਗੇ ਸੋਲਰ ਸਿਸਟਮ ਦੀ ਕਰੀਬ 300 ਮੀਟਰ ਡੀਸੀ ਸੋਲਰ ਕਾਪਰ ਕੇਬਲ ਗ਼ਾਇਬ ਮਿਲੀ | ਉਸਨੇ ਦੱਸਿਆ ਕਿ ਇਹ ਖ਼ਾਸ ਕਿਸਮ ਦੀ ਤਾਂਬੇ ਵਾਲੀ ਤਾਰ ਸੋਲਰ ਪੈਨਲਾਂ ਤੋਂ ਇਨਵਰਟਰ ਤੱਕ ਬਿਜਲੀ ਸਪਲਾਈ ਲਈ ਵਰਤੀ ਜਾਂਦੀ ਹੈ ਤੇ ਇਸਦੀ ਕੀਮਤ ਕਾਫ਼ੀ ਜ਼ਿਆਦਾ ਹੁੰਦੀ ਹੈ | ਘਟਨਾ ਸਬੰਧੀ ਪਰਿਵਾਰ ਵਲੋਂ ਪੁਲਿਸ ਚੌਂਕੀ ਕਲਵਾਂ 'ਚ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ | ਇਸ ਸਬੰਧੀ ਚੌਂਕੀ ਇੰਚਾਰਜ ਐਸ.ਆਈ. ਧਰਮਪਾਲ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |