ਸ੍ਰੀ ਅਨੰਦਪੁਰ ਸਾਹਿਬ, 1 ਅਪ੍ਰੈਲ (ਜੇ ਐਸ ਨਿੱਕੂਵਾਲ)-ਇੱਥੋਂ ਦੇ ਹਿਮਾਚਲ ਪ੍ਰਦੇਸ਼ ਦੀ ਸਰਹੱਦ 'ਤੇ ਕੌਲਾਂ ਵਾਲਾ ਟੋਬਾ ਵਿਖੇ ਲਗਾਏ ਗਏ ਟੋਲ ਟੈਕਸ ਬੈਰੀਅਰ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਦੀਆਂ ਵੱਖ-ਵੱਖ ਟੈਕਸੀ ਯੂਨੀਅਨਾਂ ਅਤੇ ਜਥੇਬੰਦੀਆਂ ਵਲੋਂ ਰੋਸ ਧਰਨਾ ਲਗਾਇਆ ਗਿਆ | ਬੁਲਾਰਿਆਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਵਾਅਦਾ ਖ਼ਿਲਾਫ਼ੀ ਕੀਤੀ ਗਈ ਹੈ | ਪਹਿਲਾਂ ਤਾਂ ਟੋਲ ਟੈਕਸ ਨੂੰ ਬਹੁਤ ਜ਼ਿਆਦਾ ਵਧਾ ਕੇ ਆਮ ਰਾਹਗੀਰਾਂ ਨੂੰ ਪ੍ਰੇਸ਼ਾਨੀ ਪੈਦਾ ਕੀਤੀ ਗਈ ਹੈ | ਇਸ ਤੋਂ ਬਿਨਾਂ ਹੁਣ ਵਿਧਾਨ ਸਭਾ ਵਿਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਲੋਂ ਭਰੋਸਾ ਦੇਣ ਦੇ ਬਾਵਜੂਦ ਨਵੀਆਂ ਦਰਾਂ 'ਤੇ ਟੈਕਸ ਕੱਟਿਆ ਜਾ ਰਿਹਾ ਹੈ | ਜੋਕਿ ਬਹੁਤ ਹੀ ਮੰਦਭਾਗਾ ਹੈ | ਉਨ੍ਹਾਂ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਸੱਦੇ 'ਤੇ ਸ਼ਾਂਤਮਈ ਪ੍ਰਦਰਸ਼ਨ ਕਰਕੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਪ੍ਰਧਾਨ ਸੁਰਿੰਦਰ ਪਾਲ ਨਿੱਕੂਵਾਲ ਰਾਜਪਾਲ ਵਿੱਕੀ ਫ਼ੌਜੀ, ਹਰਜੀਤ ਸਿੰਘ ਹੋਰ ਸੰਮੀ, ਰਿੰਕੂ, ਰਾਣਾ, ਸ਼ਿੰਦੀ, ਬਖ਼ਸ਼ੀਸ਼, ਸੁਖਵਿੰਦਰ ਸਿੰਘ ਲਾਡੀ, ਬੀਟੀ, ਸ਼ੰਮੀ, ਕਮਲ, ਅਮਰੀਕ, ਲਾਲ ਸਿੰਘ, ਸੁੱਖਾ, ਜੱਸੀ ਮਜ਼ਾਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਟੈਕਸੀ ਯੂਨੀਅਨਾਂ ਦੇ ਆਗੂ ਅਤੇ ਡਰਾਈਵਰ ਹਾਜ਼ਰ ਸਨ |