ਜਗਰਾਉਂ, 1 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਜੋ ਆਪਣੀਆਂ ਨਲਾਇਕੀਆਂ ਕਾਰਨ ਹਮੇਸ਼ਾਂ ਚਰਚਾ ਵਿਚ ਰਹੀ ਹੈ, ਦੇ ਵਿਰੁੱਧ ਵਾਰਡ ਨੰਬਰ-6 ਦੇ ਵਾਸੀਆਂ ਨੇ ਝਾਂਸੀ ਰਾਣੀ ਚੌਂਕ ਵਿਖੇ ਧਰਨਾ ਲਾ ਕੇ ਤਹਿਸੀਲ ਰੋਡ ਦੀ ਆਵਾਜਾਈ ਠੱਪ ਕਰ ਦਿੱਤੀ | ਲਗਭਗ ਚਾਰ ਘੰਟੇ ਲੱਗਿਆ ਇਹ ਧਰਨਾ ਵਾਰਡ ਅੰਦਰੋਂ ਕੂੜੇ ਦੇ ਲੱਗੇ ਢੇਰ ਨੂੰ ਨਾ ਚੁੱਕਣ 'ਤੇ ਲਗਾਇਆ ਗਿਆ | ਵਾਰਡ ਵਾਸੀ ਸਭ ਤੋਂ ਪਹਿਲਾਂ ਕੌਂਸਲਰ ਜਰਨੈਲ ਸਿੰਘ ਲੋਹਟ ਦੀ ਅਗਵਾਈ ਵਿਚ ਆਪਣੇ ਹਾਲਾਤਾਂ ਤੋਂ ਜਾਣੂ ਕਰਵਾਉਣ ਲਈ ਕਾਰਜ ਸਾਧਕ ਅਧਿਕਾਰੀ ਅਤੇ ਪ੍ਰਧਾਨ ਨੰੂ ਮਿਲਣ ਲਈ ਨਗਰ ਕੌਂਸਲ ਵਿਖੇ ਪਹੁੰਚੇ | ਉੱਥੇ ਪ੍ਰਧਾਨ ਅਤੇ ਈ.ਓ. ਦੀਆਂ ਕੁਰਸੀਆਂ ਖਾਲੀ ਦੇਖ ਕੇ ਉਨ੍ਹਾਂ ਝਾਂਸੀ ਰਾਣੀ ਚੌਂਕ ਵਿਖੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ | ਇਸ ਧਰਨੇ ਨਾਲ ਰਾਏਕੋਟ ਰੋਡ ਅਤੇ ਸ਼ਹਿਰ ਜਾਣ ਵਾਲੇ ਵਾਹਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਧਰਨੇ ਨੂੰ ਚੁੱਕਾਉਣ ਲਈ ਮੌਕੇ 'ਤੇ ਡੀ.ਐੱਸ.ਪੀ. ਸਿਟੀ ਜਸਵਿੰਦਰ ਸਿੰਘ ਢੀਂਡਸਾ ਅਤੇ ਸਿਟੀ ਇੰਚਾਰਜ ਪ੍ਰਮਿੰਦਰ ਸਿੰਘ ਫੋਰਸ ਸਮੇਤ ਪਹੁੰਚ ਗਏ | ਵੱਡੀ ਜੱਦੋ-ਜਹਿਦ ਤੋਂ ਬਾਅਦ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਵਲੋਂ ਕੂੜੇ ਦੇ ਢੇਰ ਨੂੰ ਦੱਸ ਦਿਨਾਂ ਦੇ ਅੰਦਰ-ਅੰਦਰ ਚੁੱਕਾਉਣ ਦਾ ਲਿਖ਼ਤੀ ਵਾਅਦਾ ਕਰਨ ਤੋਂ ਬਾਅਦ ਇਹ ਧਰਨਾ ਚੁੱਕਿਆ ਗਿਆ | ਇਸ ਮੌਕੇ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਕੌਂਸਲਰ ਜਗਜੀਤ ਸਿੰਘ ਜੱਗੀ, ਸਾਬਕਾ ਕੌਂਸਲਰ ਰਵਿੰਦਰ ਸੱਭਰਵਾਲ, ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸਿੱਧੂ, ਪਿ੍ਤਪਾਲ ਕੌਰ ਲੋਹਟ ਆਦਿ ਵੀ ਹਾਜ਼ਰ ਸਨ | ਧਰਨੇ ਨੂੰ ਸੰਬੋਧਨ ਕਰਦਿਆਂ ਕੌਂਸਲਰ ਜਰਨੈਲ ਸਿੰਘ ਲੋਹਟ ਨੇ ਕਿਹਾ ਕਿ ਨਗਰ ਕੌਂਸਲ ਜਗਰਾਉਂ ਵਿਖੇ ਕਾਬਜ਼ ਧਿਰ ਨੇ ਵਾਰਡ ਨੰਬਰ-6 ਦੇ ਵਾਸੀਆਂ ਦਾ ਜੀਵਨ ਨਰਕ ਬਣਾ ਦਿੱਤਾ ਹੈ | ਵਾਰਡ ਦੀ ਪਾਰਕ ਦੇ ਨੇੜੇ ਛੱਪੜ ਵਾਲੀ ਥਾਂ 'ਤੇ ਨਗਰ ਕੌਂਸਲ ਨੇ ਸ਼ਹਿਰ ਦਾ ਕੂੜਾ ਸੁੱਟ ਕੇ ਢੇਰ ਲਾਉਣਾ ਸ਼ੁਰੂ ਕਰ ਦਿੱਤਾ ਹੈ | ਇਸ ਨਾਲ ਸਾਰੇ ਪਾਸੇ ਬਦਬੂ ਫੈਲ ਗਈ ਹੈ | ਇਥੇ ਰਹਿਣਾ ਕੀ, ਗੁਜ਼ਰਨਾ ਵੀ ਕਿਸੇ ਬਿਮਾਰੀ ਨੂੰ ਸਹੇੜਨ ਦੇ ਬਰਾਬਰ ਹੋਇਆ ਪਿਆ ਹੈ | ਉਨ੍ਹਾਂ ਦੱਸਿਆ ਕਿ ਇਸ ਕੂੜੇ ਨੂੰ ਚੁਕਾਉਣ ਲਈ ਉਹ ਅਨੇਕਾਂ ਵਾਰ ਨਗਰ ਕੌਂਸਲ ਵਿਖੇ ਸੱਤ੍ਹਾਧਾਰੀਆਂ ਅਤੇ ਪ੍ਰਸ਼ਾਸਨ ਨੂੰ ਲਿਖ਼ਤੀ ਤੇ ਜ਼ੁਬਾਨੀ ਬੇਨਤੀ ਕਰਦੇ ਆ ਰਹੇ ਹਨ | ਹਰ ਵਾਰ ਕੂੜਾ ਚੁੱਕਣ ਦਾ ਵਾਅਦਾ ਕੀਤਾ ਜਾਂਦਾ ਰਿਹਾ, ਪਰ ਇਹ ਵਾਅਦਾ ਕਦੇ ਵਫ਼ਾ ਨਹੀਂ ਹੋਇਆ | ਉਨ੍ਹਾਂ ਨਗਰ ਕੌਂਸਲ 'ਚ ਸੱਤ੍ਹਾਧਾਰੀਆਂ 'ਤੇ ਵਿਰੋਧੀ ਧਿਰ ਦੇ ਵਾਰਡਾਂ ਨਾਲ ਵਿਤਕਰਾ ਕਰਨ ਦੇ ਵੀ ਦੋਸ਼ ਲਾਏ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਪ੍ਰਧਾਨ ਨੇ ਕੂੜਾ ਚਕਾਉਣ ਲਈ ਜੋ ਵਾਅਦਾ ਕੀਤਾ ਹੈ | ਜੇਕਰ ਪੂਰਾ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਅੰਦਰ ਮੁੜ ਇੱਥੇ ਹਮਦਰਦ ਸਾਥੀਆਂ ਨੂੰ ਨਾਲ ਲੈ ਕੇ ਧਰਨਾ ਲਾਇਆ ਜਾਵੇਗਾ | ਇਸ ਮੌਕੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਨੇ ਕਿਹਾ ਕਿ ਕੂੜੇ ਦੇ ਸੰਭਾਲ ਦੀ ਸ਼ਹਿਰ ਅੰਦਰ ਵੱਡੀ ਸਮੱਸਿਆ ਬਣੀ ਹੋਈ ਹੈ | ਇਸ ਸਮੱਸਿਆ ਨੂੰ ਨਿੱਜਠਣ ਲਈ ਟੈਂਡਰ ਲਾਏ ਗਏ ਹਨ | ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰੋਂ ਕੂੜਾ ਚਕਾਉਣ ਲਈ 58 ਲੱਖ ਰੁਪਏ ਦਾ ਐਸਟੀਮੈਟ ਤਿਆਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਵਾਰਡ ਨੰਬਰ-ਛੇ ਅੰਦਰ ਦੱਸ ਲੱਖ ਰੁਪਏ ਖ਼ਰਚ ਕੇ ਕੂੜੇ ਦੀ ਸਮੱਸਿਆ ਨੂੰ ਜੜੋਂ ਖ਼ਤਮ ਕਰ ਦਿੱਤਾ ਜਾਵੇਗਾ | ਇਸ ਮੌਕੇ ਕੌਂਸਲਰ ਰਾਜੂ ਕਾਮਰੇਡ ਨੇ ਕਿਹਾ ਕਿ ਸ਼ਹਿਰ ਅੰਦਰ ਕੂੜੇ ਦੇ ਨਿਪਟਾਰੇ ਦੀ ਵੱਡੀ ਸਮੱਸਿਆ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਸੱਤ੍ਹਾਧਾਰੀ ਧਿਰ ਸ਼ਹਿਰ ਨਿਵਾਸੀਆਂ ਨੂੰ ਬਣਦੀਆਂ ਸਹੂਲਤਾਂ ਦੇਣ 'ਚ ਅਸਫ਼ਲ ਸਾਬਤ ਹੋਈ ਹੈ |