ਸੁਖਸਾਲ, 31 ਮਾਰਚ (ਧਰਮ ਪਾਲ)-ਖੇਡਾਂ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਅਤੇ ਅਨੇਕਾਂ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਵਾਲੇ ਪੰਜਾਬ ਸਟੇਟ ਐਵਾਰਡੀ ਰਾਜੀਵ ਕੁਮਾਰ ਭਲਾਣ ਪੀ.ਟੀ.ਆਈ. ਆਪਣੀ ਸ਼ਾਨਦਾਰ ਸਰਕਾਰੀ ਸੇਵਾ ਪੂਰੀ ਕਰਕੇ 31 ਮਾਰਚ 2026 ਨੂੰ ਸੇਵਾ-ਮੁਕਤ ਹੋ ਰਹੇ ਹਨ | ਰਾਜੀਵ ਕੁਮਾਰ ਦਾ ਜਨਮ 1 ਫਰਵਰੀ 1967 ਨੂੰ ਪਿੰਡ ਭਲਾਣ ਵਿਖੇ ਪਿਤਾ ਗੁਰਬਚਨ ਚੰਦ ਅਤੇ ਮਾਤਾ ਸ੍ਰੀਮਤੀ ਸੰਧਿਆ ਦੇਵੀ ਦੇ ਘਰ ਹੋਇਆ | ਉਨ੍ਹਾਂ ਆਪਣੀ ਮੈਟਿ੍ਕ ਤੱਕ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਣ ਤੋਂ ਮੁਕੰਮਲ ਕੀਤੀ | ਖੇਡਾਂ ਪ੍ਰਤੀ ਰੁਚੀ ਹੋਣ ਕਾਰਨ ਉਨ੍ਹਾਂ ਸੀ.ਪੀ.ਐੱਡ ਦੀ ਸਿਖਲਾਈ ਸ਼ਹੀਦ ਕਾਂਸ਼ੀ ਰਾਮ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਭਾਗੂ ਮਾਜਰਾ (ਖਰੜ) ਤੋਂ ਪ੍ਰਾਪਤ ਕੀਤੀ | ਸਾਲ 1988 ਵਿਚ ਉਹ ਪੰਜਾਬ ਪੁਲਿਸ 'ਚ ਭਰਤੀ ਹੋਏ ਅਤੇ ਜ਼ਿਲ੍ਹਾ ਪਟਿਆਲਾ ਵਿਖੇ ਆਪਣੀਆਂ ਸੇਵਾਵਾਂ ਨਿਭਾਈਆਂ | ਖੇਡਾਂ ਦੇ ਖੇਤਰ ਵਿਚ ਕੁੱਝ ਵੱਖਰਾ ਕਰਨ ਦੇ ਜਜ਼ਬੇ ਨਾਲ ਉਹਨਾਂ ਨੇ 1997 ਵਿਚ ਪੁਲਿਸ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਮਿਤੀ 29-04-1997 ਨੂੰ ਬਤੌਰ ਪੀ.ਟੀ.ਆਈ. ਸ.ਸ.ਸ. ਸਕੂਲ ਕਾਹਨਪੁਰ ਖੂਹੀ ਵਿਖੇ ਜੁਆਇਨ ਕੀਤਾ | ਉੱਥੇ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਮਿਤੀ 21-05-2011 ਨੂੰ ਸਰਕਾਰੀ ਹਾਈ ਸਕੂਲ ਭੰਗਲ (ਰੂਪਨਗਰ) ਵਿਖੇ ਜੁਆਇਨ ਕੀਤਾ | ਰਾਜੀਵ ਕੁਮਾਰ ਦੀ ਮਿਹਨਤ ਸਦਕਾ ਸਰਕਾਰੀ ਹਾਈ ਸਕੂਲ ਭੰਗਲ ਦੀ ਵਾਲੀਬਾਲ (ਲੜਕੀਆਂ) ਦੀਆਂ ਅੰਡਰ-14, 17 ਅਤੇ 19 ਟੀਮਾਂ ਨੇ ਰਾਜ ਪੱਧਰ 'ਤੇ ਸ਼ਾਨਦਾਰ ਪੁਜੀਸ਼ਨਾਂ ਹਾਸਲ ਕੀਤੀਆਂ | ਉਨ੍ਹਾਂ ਦੀ ਲਗਨ ਸਦਕਾ ਸਕੂਲ ਦੀਆਂ ਲੜਕੀਆਂ ਦੀਆਂ ਟੀਮਾਂ ਨੇ ਸਟੇਟ ਅਤੇ ਨੈਸ਼ਨਲ ਪੱਧਰ 'ਤੇ ਨਾਮ ਚਮਕਾਇਆ ਅਤੇ ਕਈ ਖਿਡਾਰਨਾਂ ਨੈਸ਼ਨਲ ਪੱਧਰ ਲਈ ਚੁਣੀਆਂ ਗਈਆਂ | ਉਨ੍ਹਾਂ ਦੁਆਰਾ ਤਰਾਸ਼ੇ ਗਏ ਕਈ ਖਿਡਾਰੀ ਅੱਜ ਸਰਕਾਰੀ ਨੌਕਰੀਆਂ 'ਚ ਵੀ ਤਾਇਨਾਤ ਹਨ | ਉਨਾਂ ਦੀਆਂ ਇਨ੍ਹਾਂ ਬੇਮਿਸਾਲ ਪ੍ਰਾਪਤੀਆਂ ਅਤੇ ਸਿੱਖਿਆ ਵਿਭਾਗ ਪ੍ਰਤੀ ਸਮਰਪਣ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਸਾਲ 2015 ਵਿਚ ਉਨ੍ਹਾਂ ਨੂੰ 'ਸਟੇਟ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਸ੍ਰੀਮਤੀ ਰਮਾ ਕੁਮਾਰੀ ਸਮੂਹ ਸਕੂਲ ਸਟਾਫ਼ ਅਤੇ ਇਲਾਕਾ ਨਿਵਾਸੀਆਂ ਵਲੋਂ ਰਾਜੀਵ ਕੁਮਾਰ ਭਲਾਣ ਨੂੰ ਉਨ੍ਹਾਂ ਦੀ ਸੇਵਾ-ਮੁਕਤੀ 'ਤੇ ਵਧਾਈ ਦਿੱਤੀ ਗਈ ਹੈ |