29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਹੈੱਡ ਵਰਕਸ ਰੋਪੜ ਦੇ ਗੇਟ ਪਿੰਡਾਂ ਵਲੋਂ ਖੋਲ੍ਹਣ ਦੀ ਮੰਗ ਸ਼ਹਿਰ ਵਾਸੀਆਂ ਵਲੋਂ ਬੰਦ ਰੱਖਣ ਦਾ ਸਮਰਥਨ

ਅਜੀਤ ਡੈਸਕ 01-04-2026
ਰੂਪਨਗਰ, 31 ਮਾਰਚ (ਸਤਨਾਮ ਸਿੰਘ ਸੱਤੀ)-ਹੈੱਡਵਰਕਸ ਰੂਪਨਗਰ ਦੇ ਗੇਟ ਬੰਦ ਕਰਨ ਨੂੰ ਲੈ ਕੇ ਹੁਣ ਇਸ ਇਲਾਕੇ ਦੇ ਪਿੰਡ ਵਾਸੀਆਂ ਦੇ ਮੁਹਤਬਰਾਂ ਵਲੋਂ ਖੋਲ੍ਹਣ ਦੀ ਮੰਗ ਕੀਤੀ ਗਈ ਹੈ ਜਦੋਂ ਕਿ ਕੁੱਝ ਦਿਨ ਪਹਿਲਾਂ ਸ਼ਹਿਰ ਵਾਸੀਆਂ ਵਲੋਂ ਇਨ੍ਹਾਂ ਗੇਟਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਵਿਭਾਗ ਨੇ ਇਹ ਗੇਟ ਬੰਦ ਕਰ ਦਿੱਤੇ ਸਨ | ਅੱਜ ਹੈੱਡ ਵਰਕਸ ਰੋਪੜ 'ਤੇ ਦੋ ਪਹੀਆ ਵਾਹਨਾਂ ਲਈ ਗੇਟ ਬੰਦ ਕਰਨ ਦੇ ਫ਼ੈਸਲੇ ਨੂੰ ਲੈ ਕੇ ਘਨੌਲੀ ਅਤੇ ਲੋਦੀ ਮਾਜਰਾ ਇਲਾਕੇ ਦੇ ਮੋਹਤਬਰਾਂ ਵਲੋਂ ਵਿਰੋਧ ਕੀਤਾ ਗਿਆ | ਪੰਚਾਇਤ ਯੂਨੀਅਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਮਿਆਣੀ, ਐਡਵੋਕੇਟ ਕਮਲ ਸੈਣੀ, ਮਨਮੋਹਣ ਸਿੰਘ, ਸਰਵਨ ਸਿੰਘ ਬੋਬੀ, ਦਰਸ਼ਨ ਸਿੰਘ, ਸਾਬਕਾ ਸਰਪੰਚ ਅਜਮੇਰ ਸਿੰਘ, ਜਸਵਿੰਦਰ ਸਿੰਘ ਅਤੇ ਮੁਕੇਸ਼ ਕੁਮਾਰ ਸਮੇਤ ਹੋਰਾਂ ਨੇ ਦੱਸਿਆ ਕਿ ਇਸ ਰਸਤੇ ਰਾਹੀਂ ਕਰੀਬ ਡੇਢ ਦਰਜਨ ਪਿੰਡਾਂ ਦੇ ਵਿਦਿਆਰਥੀ, ਬਜ਼ੁਰਗ ਅਤੇ ਦਿਨ-ਚੜ੍ਹਦੇ ਕੰਮਾਂ ਲਈ ਆਉਣ-ਜਾਣ ਵਾਲੇ ਲੋਕ ਪੈਦਲ ਅਤੇ ਦੋ ਪਹੀਆ ਵਾਹਨਾਂ ਰਾਹੀਂ ਆਵਾਜਾਈ ਕਰਦੇ ਰਹੇ ਹਨ | ਉਨ੍ਹਾਂ ਅਨੁਸਾਰ, ਸਰਹਿੰਦ ਨਹਿਰ 'ਤੇ ਬਣੇ ਨਵੇਂ ਪੁਲ 'ਤੇ ਟਰੈਫ਼ਿਕ ਦਾ ਬਹੁਤ ਬੋਝ ਹੈ ਅਤੇ ਪਿੰਡਾਂ ਵੱਲ ਮੁੜਨ ਵਾਲਾ ਕੱਟ ਵੀ ਖ਼ਤਰਨਾਕ ਹੈ, ਜਿੱਥੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਇਸ ਕਰਕੇ ਹੈੱਡ ਵਰਕਸ ਵਾਲਾ ਰਸਤਾ ਲੋਕਾਂ ਲਈ ਜ਼ਿਆਦਾ ਸੁਰੱਖਿਅਤ ਅਤੇ ਸੁਵਿਧਾਜਨਕ ਹੈ | ਕੁੱਝ ਦਿਨ ਪਹਿਲਾਂ ਸਵੇਰੇ-ਸ਼ਾਮ ਹੈੱਡ ਵਰਕਸ 'ਤੇ ਸੈਰ ਕਰਨ ਵਾਲਿਆਂ ਵਲੋਂ ਗੇਟ ਖੋਲ੍ਹਣ ਦਾ ਵਿਰੋਧ ਕਰਨ ਤੋਂ ਬਾਅਦ ਵਿਭਾਗ ਵਲੋਂ ਇਸ ਰਸਤੇ ਨੂੰ ਬੰਦ ਕਰਵਾ ਦਿੱਤਾ ਗਿਆ ਸੀ , ਜਿਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਰਸਤਾ ਨਾ ਖੋਲਿ੍ਹਆ ਗਿਆ ਅਤੇ ਕਿਸੇ ਤਰ੍ਹਾਂ ਦਾ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਗੇਟ ਬੰਦ ਕਰਵਾਉਣ ਵਾਲਿਆਂ 'ਤੇ ਹੋਵੇਗੀ | ਦੂਜੇ ਪਾਸੇ, ਰੂਪਨਗਰ ਸ਼ਹਿਰ ਦੇ ਵਾਸੀ ਅਤੇ ਸੈਰ ਕਰਨ ਵਾਲੇ ਦੋ ਪਹੀਆ ਵਾਹਨਾਂ ਲਈ ਗੇਟ ਖੋਲ੍ਹਣ ਦਾ ਵਿਰੋਧ ਕਰਦੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਵਾਹਨਾਂ ਦੀ ਆਵਾਜਾਈ ਨਾਲ ਸੈਰ ਕਰਨ ਵਾਲਿਆਂ, ਖ਼ਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਲਈ ਇੱਥੇ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਹੈ ਕਿਉਂਕਿ ਵਾਹਨ ਚਾਲਕ ਬਹੁਤ ਤੇਜ਼ੀ ਨਾਲ ਲੰਘਦੇ ਹਨ | ਉਨ੍ਹਾਂ ਅਨੁਸਾਰ ਨੇੜੇ ਹੀ ਨਵਾਂ ਪੁਲ ਬਣਨ ਕਾਰਨ ਦੋ ਪਹੀਆ ਵਾਹਨਾਂ ਲਈ ਵਿਕਲਪੀ ਰਸਤਾ ਉਪਲਬਧ ਹੋ ਗਿਆ ਹੈ, ਇਸ ਲਈ ਗੇਟ ਖੋਲ੍ਹਣ ਦੀ ਹੁਣ ਲੋੜ ਨਹੀਂ ਰਹੀ | ਹਾਲਾਂਕਿ, ਲੋਕਾਂ ਨੇ ਇਸ ਮੰਗ ਨੂੰ ਜਾਇਜ਼ ਦੱਸਿਆ ਹੈ ਕਿ ਘੱਟੋ-ਘੱਟ ਪੈਦਲ ਰਾਹਗੀਰਾਂ ਲਈ ਗੇਟ ਜ਼ਰੂਰ ਖੋਲ੍ਹੇ ਜਾਣ, ਕਿਉਂਕਿ ਇਸ ਵੇਲੇ ਉਹ ਵੀ ਬੰਦ ਕਰ ਦਿੱਤਾ ਗਿਆ ਹੈ | ਜ਼ਿਕਰ ਯੋਗ ਹੈ ਕਿ ਕੁੱਝ ਸਾਲ ਪਹਿਲਾਂ ਇੱਥੋਂ ਵਾਹਨਾਂ ਦੀ ਆਵਾਜਾਈ ਆਮ ਨਹੀਂ ਹੁੰਦੀ ਸੀ | ਹੁਣ ਵੀ ਗੇਟ ਸਿਰਫ਼ ਰਾਹਗੀਰਾਂ ਲਈ ਹੀ ਵਿਚਕਾਰ ਸੰਗਲ਼ ਪਾ ਕੇ ਹੀ ਖੋਲ੍ਹੇ ਹੋਏ ਸਨ, ਜਿੱਥੋਂ ਦੋ ਪਹੀਆ ਵਾਹਨਾਂ ਵਾਲੇ ਟੇਢੇ ਮੇਢੇ ਕਰਕੇ ਵਾਹਨ ਕੱਢਦੇ ਸਨ, ਪਰ ਇਹ ਰਸਤਾ ਵਾਹਨਾਂ ਲਈ ਖੁੱਲ੍ਹਾ ਨਹੀਂ ਸੀ ਪਰ ਹੁਣ ਬਿਲਕੁਲ ਬੰਦ ਹੋਣ ਨਾਲ ਪੈਦਲ ਰਾਹਗੀਰਾਂ ਲਈ ਵੀ ਦਿੱਕਤ ਆ ਗਈ ਹੈ ਜਿਸ ਬਾਰੇ ਜ਼ਰੂਰ ਸੋਚਿਆ ਜਾਣਾ ਚਾਹੀਦਾ ਹੈ |
ਪਿਛਲੀ ਖ਼ਬਰ ਮਨੀਸ਼ ਸਿਸੋਦੀਆ ਨੇ ਲਿਆ ਸਕਿਲ ਇੰਸਟੀਚਿਊਟ ਦਾ ਜਾਇਜ਼ਾ ਸਿੱਖਿਆ ਮੰਤਰੀ, ਡਿਪਟੀ ਕਮਿਸ਼ਨਰ ਸਮੇਤ ਕਈ ਅਧਿਕਾਰੀ ਸਨ ਮੌਜੂਦ... ਅਗਲੀ ਖ਼ਬਰ ਬੀਤੇ ਸੈਸ਼ਨ ਨੂੰ ਵਿਦਾਈ ਅਤੇ ਨਵੇਂ ਦੀ ਖੁਸ਼-ਆਮਦ 'ਤੇ ਸਿੱਖਿਆ-ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।