ਨੂਰਪੁਰ ਬੇਦੀ, 26 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)- ਅਖਿਲ ਭਾਰਤੀ ਗੁੱਜਰ ਮਹਾਂਸਭਾ ਦੇ ਨਵ-ਨਿਯੁਕਤ ਪੰਜਾਬ ਪ੍ਰਧਾਨ ਕਮਲ ਦੇਵ ਚੌਹਾਨ ਅਤੇ ਕੋਆਰਡੀਨੇਟਰ ਸੋਹਣ ਲਾਲ ਚੇਚੀ ਨੇ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਸੰਭਾਲਣ ਉਪਰੰਤ ਅੱਜ ਭੂਰੀ ਵਾਲੇ ਗੁਰਤਾਗੱਦੀ ਦੇ ਮੌਜੂਦਾ ਗੱਦੀ ਨਸ਼ੀਨ ਵੇਦਾਂਤ ਅਚਾਰਿਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਸਵਾਮੀ ਚੇਤਨਾ ਨੰਦ ਨੇ ਦੋਵੇਂ ਅਹੁਦੇਦਾਰਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਸਮਾਜ ਸੇਵਾ ਨਿਸ਼ਕਾਮ ਭਾਵਨਾ ਅਤੇ ਇਮਾਨਦਾਰੀ ਨਾਲ ਕੀਤੇ ਕੰਮਾਂ ਨਾਲ ਹੀ ਸੰਭਵ ਹੈ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਸਮਾਜਿਕ ਏਕਤਾ, ਨੌਜਵਾਨਾਂ ਦੀ ਸਹੀ ਦਿਸ਼ਾ ਅਤੇ ਸਿੱਖਿਆ ਦਾ ਵਾਧਾ ਬਹੁਤ ਜ਼ਰੂਰੀ ਹੈ | ਕਮਲਦੇਵ ਚੌਹਾਨ ਤੇ ਚੇਚੀ ਨੇ ਕਿਹਾ ਕਿ ਉਨ੍ਹਾਂ ਲਈ ਇਹ ਜ਼ਿੰਮੇਵਾਰੀ ਦੇ ਨਾਲ ਨਾਲ ਇੱਕ ਵੱਡੀ ਚੁਣੌਤੀ ਵੀ ਹੈ, ਜਿਸ ਨੂੰ ਉਹ ਪੂਰੀ ਨਿਸ਼ਠਾ ਨਾਲ ਨਿਭਾਉਣ ਲਈ ਵਚਨਬੱਧ ਹਨ | ਇਸ ਮੌਕੇ ਡਾ. ਜਸਪਾਲ, ਰਵੀ ਕੁਮਾਰ ਨਾਨੋਵਾਲ, ਜੀਵਨ ਕੁਮਾਰ ਸੰਜੂ ਪ੍ਰਧਾਨ, ਨਰਿੰਦਰ ਹਕਲਾ ਰੂੜੇਵਾਲ, ਨਰਿੰਦਰ ਚੌਹਾਨ, ਵਿੱਕੀ ਬਾਲੇਵਾਲ ਹਾਜ਼ਰ ਸਨ |