ਨੂਰਪੁਰ ਬੇਦੀ, 1 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)- ਦੇਸ਼ ਦਾ ਮਿਹਨਤੀ ਵਰਗ ਮਨਰੇਗਾ ਕਾਨੂੰਨ 'ਚ ਕੀਤੇ ਗਏ ਬੇਲੋੜੇ ਬਦਲਾਵਾਂ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਦਾ | ਇਨ੍ਹਾਂ ਬਦਲਾਵਾਂ ਨਾਲ ਲੱਖਾਂ ਮਜ਼ਦੂਰਾਂ ਦੇ ਘਰਾਂ ਦੇ ਚੁਲੇ ਠੰਢੇ ਹੋ ਜਾਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਰਦਿਆਂ ਕਿਹਾ ਕਿ ਬਰਨਾਲਾ ਵਿਖੇ ਮਨਰੇਗਾ ਬਚਾਓ ਮਹਾਂ ਸੰਗਰਾਮ ਰੈਲੀ ਇਤਿਹਾਸਿਕ ਹੋ ਨਿੱਬੜੀ ਹੈ | ਉਨ੍ਹਾਂ ਕਿਹਾ ਕਿ ਬਰਨਾਲਾ ਦੀ ਧਰਤੀ ਤੋਂ ਉੱਠੀ ਇਹ ਗੂੰਜ ਸਿਰਫ਼ ਪੰਜਾਬ ਤੱਕ ਸਿਮਤ ਨਹੀਂ ਰਹੇਗੀ, ਸਗੋਂ ਦੇਸ਼ ਭਰ 'ਚ ਮਜ਼ਦੂਰ ਹੱਕਾਂ ਦੀ ਲੜਾਈ ਨੂੰ ਨਵੀਂ ਦਿਸ਼ਾ ਦੇਵੇਗੀ | ਮਨਰੇਗਾ ਗ਼ਰੀਬ ਅਤੇ ਪੇਂਡੂ ਮਜ਼ਦੂਰਾਂ ਲਈ ਜੀਵਨ ਰੇਖਾ ਸਾਬਤ ਹੋਇਆ ਹੈ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਹਮੇਸ਼ਾ ਹੀ ਗ਼ਰੀਬ, ਕਿਸਾਨ ਅਤੇ ਮਜ਼ਦੂਰ ਵਰਗ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਅਤੇ ਬਰਨਾਲਾ ਦੀ ਰੈਲੀ 'ਚ ਉਨ੍ਹਾਂ ਦੇ ਸਪਸ਼ਟ ਅਤੇ ਜ਼ੋਰਦਾਰ ਸੰਦੇਸ਼ ਨੇ ਮੌਜੂਦਾ ਸਰਕਾਰ ਨੂੰ ਇਹ ਅਹਿਸਾਸ ਕਰਵਾ ਦਿੱਤਾ ਹੈ ਕਿ ਮਨਰੇਗਾ ਕਾਨੂੰਨ 'ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਸ਼ਰਮਾ ਨੇ ਮਜ਼ਦੂਰ ਭਰਾਵਾਂ ਅਤੇ ਭੈਣਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵੱਡੀ ਹਾਜ਼ਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਉਹ ਆਪਣੇ ਹੱਕਾਂ ਪ੍ਰਤੀ ਸਚੇਤ ਹਨ |