ਹੋਲਾ ਮਹੱਲਾ ਮੌਕੇ 1 ਤੇ 2 ਮਾਰਚ ਨੂੰ ਚਰਨ ਗੰਗਾ ਸਟੇਡੀਅਮ ਵਿਚ ਹੋਣਗੀਆਂ ਵਿਰਾਸਤੀ ਖੇਡਾਂ- ਡੀ. ਸੀ.
ਅਜੀਤ ਡੈਸਕ
20-02-2026
ਸ੍ਰੀ ਅਨੰਦਪੁਰ ਸਾਹਿਬ, 19 ਫਰਵਰੀ (ਜੇ ਐਸ ਨਿੱਕੂਵਾਲ)-ਵਧੀਕ ਡਿਪਟੀ ਕਮਿਸ਼ਨਰ ਵਿਕਾਸ ਚੰਦਰਜਯੋਤੀ ਸਿੰਘ ਨੇ ਦੱਸਿਆ ਹੈ ਕਿ ਹੋਲਾ ਮਹੱਲਾ ਦੌਰਾਨ ਚਰਨ ਗੰਗਾ ਸਟੇਡੀਅਮ ਵਿਚ 1 ਤੇ 2 ਮਾਰਚ ਨੂੰ ਵਿਰਾਸਤੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਪੰਜਾਬ ਦੀ ਅਮੀਰ ਵਿਰਾਸਤ ਦੀ ਝਲਕ ਨਜ਼ਰ ਆਵੇਗੀ | ਵਿਰਾਸਤੀ ਖੇਡਾਂ ਦੀ ਰੂਪ-ਰੇਖਾ ਤਿਆਰ ਕਰਨ ਲਈ ਰੱਖੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ 1 ਮਾਰਚ ਨੂੰ ਵਿਰਾਸਤੀ ਖੇਡਾਂ ਦੀ ਸ਼ੁਰੂਆਤ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਦਰਸਾਉਂਦੇ ਭੰਗੜੇ ਤੋਂ ਹੋਵੇਗੀ ਅਤੇ 2 ਮਾਰਚ ਨੂੰ ਸਮਾਪਤੀ ਪੰਜਾਬ ਦੇ ਲੋਕ ਨਾਚ ਗਿੱਧੇ ਤੋਂ ਕੀਤੀ ਜਾਵੇਗੀ |
ਉਨ੍ਹਾਂ ਨੇ ਦੱਸਿਆ ਕਿ ਵਿਰਾਸਤੀ ਖੇਡਾਂ ਦੌਰਾਨ ਘੋੜ ਦੌੜ, ਗੱਤਕਾ, ਤੀਰ ਅੰਦਾਜ਼ੀ, ਕਿੱਲਾ ਪੁੱਟਣਾ, ਕਵੀਸ਼ਰੀ ਤੇ ਦਸਤਾਰ ਬੰਦੀ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿਰਾਸਤੀ ਖੇਡਾਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਰੂਪਨਗਰ ਕਰਨਗੇ, ਜਦੋਂ ਕਿ ਇਨਾਮਾਂ ਦੀ ਵੰਡ 2 ਮਾਰਚ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਕੀਤੀ ਜਾਵੇਗੀ | ਉਨ੍ਹਾਂ ਨੇ ਦੱਸਿਆ ਕਿ ਚਰਨ ਗੰਗਾ ਸਟੇਡੀਅਮ ਵਿਚ ਆਮ ਆਦਮੀ ਕਲੀਨਿਕ ਅਤੇ ਮੁੱਖ ਮੰਤਰੀ ਸਿਹਤ ਯੋਜਨਾਂ ਦੀ ਸਹੂਲਤ ਵੀ ਸ਼ਰਧਾਲੂਆਂ ਨੂੰ ਉਪਲਬਧ ਹੋਵੇਗੀ | ਭਾਗ ਲੈਣ ਵਾਲੇ ਖਿਡਾਰੀਆਂ ਦੇ ਠਹਿਰਨ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ | ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸਰੂਤੀ ਸ਼ਰਮਾ ਵੀ ਹਾਜ਼ਰ ਸਨ |