ਰੂਪਨਗਰ, 17 ਫਰਵਰੀ (ਸਤਨਾਮ ਸਿੰਘ ਸੱਤੀ)-ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਦੇ ਫ਼ੈਸਲੇ ਅਨੁਸਾਰ ਪਾਵਰ ਕਾਮ ਸਰਕਲ ਰੋਪੜ ਦੇ ਪੈਨਸ਼ਨਰਾਂ ਵਲੋਂ ਸਰਕਲ ਪ੍ਰਧਾਨ ਸਕਿੰਦਰ ਸਿੰਘ ਦੀ ਅਗਵਾਈ ਹੇਠ ਸਰਕਲ ਦਫ਼ਤਰ ਰੋਪੜ ਵਿਖੇ ਕਨਵੈਂਸ਼ਨ ਕੀਤੀ ਗਈ | ਇਸ ਮੌਕੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਖੰਨਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਰਕਲ ਸਕੱਤਰ ਭਰਪੂਰ ਸਿੰਘ ਨੇ ਦੱਸਿਆ ਕਿ ਹਾਜ਼ਰ ਸਾਥੀਆਂ ਨੇ ਸਰਕਾਰਾਂ ਵਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025 ਦੇ ਯਤਨਾਂ, ਚਾਰ ਲੇਬਰ ਕੋਡਾਂ ਦੀ ਲਾਗੂਆਈ ਅਤੇ ਪੁਰਾਣੇ 29 ਲੇਬਰ ਕਾਨੂੰਨਾਂ ਦੀ ਬਹਾਲੀ ਦੇ ਮਸਲੇ ਉਠਾਏ | ਇਸ ਤੋਂ ਇਲਾਵਾ ਮਨਰੇਗਾ ਕਾਨੂੰਨ ਦੀ ਬਹਾਲੀ, ਅਮਰੀਕਾ ਨਾਲ ਕੀਤੀ ਜਾ ਰਹੀ ਵਪਾਰਕ ਸੰਧੀ ਰੱਦ ਕਰਨ ਅਤੇ ਪੰਜਾਬ ਸਰਕਾਰ ਵਲੋਂ ਵੇਚੀਆਂ ਜਾ ਰਹੀਆਂ ਸਰਕਾਰੀ ਤੇ ਪਾਵਰਕਾਮ ਦੀਆਂ ਜਾਇਦਾਦਾਂ ਦੀ ਰਾਖੀ ਲਈ ਚੱਲ ਰਹੇ ਸਾਂਝੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ | ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਰੱਖਦਿਆਂ ਕਿਹਾ ਕਿ 31-12-2015 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਦੇ ਸਕੇਲ 2.59 ਦੇ ਗੁਣਾਕ ਨਾਲ ਪੇ ਕਮਿਸ਼ਨ ਅਨੁਸਾਰ ਸੁਧਾਰੇ ਜਾਣ, ਬਾਕੀ ਰਹਿੰਦਾ 16 ਫੀਸਦੀ ਮਹਿੰਗਾਈ ਭੱਤਾ ਬਕਾਏ ਸਮੇਤ ਤੁਰੰਤ ਦਿੱਤਾ ਜਾਵੇ, ਮੈਡੀਕਲ ਕੈਸ਼ਲੈਸ ਸਕੀਮ ਲਾਗੂ ਕੀਤੀ ਜਾਵੇ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ | ਉਨ੍ਹਾਂ ਨੇ ਪਟਿਆਲਾ ਸਰਕਲ ਦੇ ਮੁੜ ਡਿਸਮਿਸ ਆਗੂਆਂ ਦੀ ਬਹਾਲੀ, ਕੱਚੇ ਤੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਪੱਕਾ ਕਰਨ, ਸਭ ਨੂੰ ਬਿਨਾਂ ਸ਼ਰਤ 23 ਸਾਲਾ ਪੇ ਸਕੇਲ ਅਤੇ ਪੈਨਸ਼ਨਰਾਂ ਲਈ ਬਿਜਲੀ ਬਿੱਲ ਵਿਚ ਰਿਆਇਤ ਦੇਣ ਦੀ ਮੰਗ ਵੀ ਕੀਤੀ | ਕਨਵੈਂਸ਼ਨ ਵਿਚ ਹਰਭਜਨ ਸਿੰਘ (ਮੰਡਲ ਪ੍ਰਧਾਨ ਮੋਰਿੰਡਾ), ਜਗਦੀਸ਼ ਕੁਮਾਰ (ਮੰਡਲ ਸਕੱਤਰ ਮੋਰਿੰਡਾ), ਹਰਜਿੰਦਰ ਸਿੰਘ (ਮੰਡਲ ਪ੍ਰਧਾਨ ਰੋਪੜ), ਕੇਸਰ ਸਿੰਘ (ਮੰਡਲ ਸਕੱਤਰ ਰੋਪੜ), ਭਾਗ ਸਿੰਘ (ਮੰਡਲ ਪ੍ਰਧਾਨ ਆਨੰਦਪੁਰ ਸਾਹਿਬ), ਰਾਕੇਸ਼ ਕੁਮਾਰ ਬਾਲੀ (ਮੰਡਲ ਸਕੱਤਰ ਆਨੰਦਪੁਰ ਸਾਹਿਬ), ਇੰਜ. ਪ੍ਰੇਮ ਸਿੰਘ (ਸੀਨੀਅਰ ਮੀਤ ਪ੍ਰਧਾਨ ਮੰਡਲ ਸਮਰਾਲਾ), ਬਰਜਿੰਦਰ ਪੰਡਿਤ (ਮਜ਼ਦੂਰ ਆਗੂ), ਸੰਗਤ ਸਿੰਘ ਸੇਖੋਂ (ਸਰਕਲ ਮੀਤ ਪ੍ਰਧਾਨ ਟੀ.ਐੱਸ.ਯੂ.), ਅਵਤਾਰ ਸਿੰਘ (ਸੀਨੀਅਰ ਮੀਤ ਪ੍ਰਧਾਨ), ਹਿੰਮਤ ਸਿੰਘ ਅਤੇ ਰਾਮ ਕਿਸ਼ਨ (ਵਿੱਤ ਸਕੱਤਰ) ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਖੰਨਾ ਨੇ ਮੌਜੂਦਾ ਹਾਲਾਤਾਂ ਦੀ ਵਿਸਥਾਰ ਨਾਲ ਚਰਚਾ ਕਰਦਿਆਂ ਕਿਹਾ ਕਿ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਅਤੇ ਪੈਨਸ਼ਨਰਾਂ-ਮੁਲਾਜ਼ਮਾਂ ਦੀਆਂ ਮੰਗਾਂ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਅਖੀਰ ਵਿਚ ਸਰਕਲ ਪ੍ਰਧਾਨ ਸਕਿੰਦਰ ਸਿੰਘ ਨੇ ਵੱਡੀ ਗਿਣਤੀ ਵਿਚ ਪਹੁੰਚੇ ਸਾਥੀਆਂ ਦਾ ਧੰਨਵਾਦ ਕੀਤਾ |