ਸ੍ਰੀ ਅਨੰਦਪੁਰ ਸਾਹਿਬ, 29 ਜਨਵਰੀ (ਜੇ ਐਸ ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੀ ਭਾਰ ਤੋਲਕ ਖਿਡਾਰਨ ਰਵਨਦੀਪ ਕੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਤੀਨਿਧਤਾ ਕਰਦਿਆਂ ਸਰਬ-ਭਾਰਤੀ ਇੰਟਰਵਰਸਟੀ ਔਰਤ ਭਾਰ ਤੋਲਕ ਮੁਕਾਬਲੇ ਜੋ ਕਿ 26 ਤੋਂ 30 ਜਨਵਰੀ ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਚੱਲ ਰਹੀ ਹੈ, ਵਿਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 69 ਕਿੱਲੋਗਰਾਮ ਭਾਰ ਵਰਗ ਵਿਚ ਕੁੱਲ 181 ਕਿੱਲੋ ਭਾਰ ਚੁੱਕ ਕੇ ਕਾਸੇ ਦਾ ਤਗਮਾ ਜਿੱਤ ਕੇ ਕਾਲਜ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਾਂ ਪੂਰੇ ਦੇਸ਼ ਵਿਚ ਰੌਸ਼ਨ ਕੀਤਾ ਹੈ | ਇਸ ਮੁਕਾਬਲੇ ਵਿਚ ਕਾਲਜ ਦੀਆਂ ਦੋ ਹੋਰ ਖਿਡਾਰਨਾਂ ਮਨਪ੍ਰੀਤ ਕੌਰ ਅਤੇ ਨਰੇੰਦਰ ਕੌਰ ਵੀ ਭਾਗ ਲੈ ਰਹੀਆਂ ਹਨ | ਇਨ੍ਹਾਂ ਖਿਡਾਰਨਾਂ ਵਲੋ ਵੀ ਵਧੀਆ ਖੇਡ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ | ਇਸ ਸ਼ਾਨਦਾਰ ਪ੍ਰਾਪਤੀ 'ਤੇ ਕਾਲਜ ਦੇ ਪਿ੍ੰਸੀਪਲ ਡਾ. ਜਸਵੀਰ ਸਿੰਘ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਸਹੀ ਰਹਿਨੁਮਾਈ ਦਾ ਨਤੀਜਾ ਹੈ | ਉਨ੍ਹਾਂ ਇਸ ਮੌਕੇ ਪ੍ਰੋ. ਅਸ਼ੋਕ ਕੁਮਾਰ ਅਤੇ ਪ੍ਰੋ. ਜਗਵੰਤ ਸਿੰਘ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕਰਦਿਆਂ ਖਿਡਾਰੀਆਂ ਨੂੰ ਭਵਿੱਖ ਦੇ ਮੁਕਾਬਲਿਆਂ ਲਈ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ |