ਪੁਰਖਾਲੀ, 20 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਰੋਪੜ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਅਤੇ ਇੰਸਟੀਟਿਊਸ਼ਨ ਇਨੋਵੇਸ਼ਨ ਕੌਂਸਲ ਵਲੋਂ ਕੈਰੀਅਰ ਗਾਈਡੈਂਸ ਵਿਭਾਗ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਿਯੋਗ ਨਾਲ Tਈ-ਲਰਨਿੰਗ ਐਪਲੀਕੇਸ਼ਨਜ਼U ਵਿਸ਼ੇ 'ਤੇ ਇੱਕ ਮਾਹਿਰ ਲੈਕਚਰ ਦਾ ਆਯੋਜਨ ਕੀਤਾ ਗਿਆ | ਇਸ ਅਕਾਦਮਿਕ ਸਮਾਗਮ ਵਿਚ ਡਾ. ਕਨਵ ਖੇੜਾ ਪ੍ਰੋਫੈਸਰ ਡਿਪਾਰਟਮੈਂਟ ਆਫ਼ ਫਾਰਮੇਸੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਚਰਨਜੀਤ ਕੌਰ, ਸਹਾਇਕ ਪ੍ਰੋਫੈਸਰ ਵਲੋਂ ਸਵਾਗਤੀ ਭਾਸ਼ਣ ਨਾਲ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਮੁੱਖ ਵਕਤਾ, ਫੈਕਲਟੀ ਅਤੇ ਸਟਾਫ਼ ਮੈਂਬਰਾਂ ਨੂੰ ਜੀ ਆਇਆ ਆਖਿਆ | ਆਪਣੇ ਸੰਬੋਧਨ ਦੌਰਾਨ ਮੁੱਖ ਵਕਤਾ ਡਾ. ਕਨਵ ਖੇੜਾ ਨੇ ਡਿਜੀਟਲ ਸਿੱਖਿਆ ਦੇ ਮੌਜੂਦਾ ਰੁਝਾਨਾਂ, ਈ-ਲਰਨਿੰਗ ਪਲੇਟਫ਼ਾਰਮਾਂ, ਵਰਚੂਅਲ ਕਲਾਸ-ਰੂਮਾਂ, ਆਨਲਾਈਨ ਅਸੈਸਮੈਂਟ ਟੂਲਜ਼ ਤੇ ਵਿਦਿਆਰਥੀ-ਕੇਂਦਰਿਤ ਸਿੱਖਣ ਪ੍ਰਕਿਰਿਆ 'ਤੇ ਵਿਸਥਾਰਪੂਰਵਕ ਰੌਸ਼ਨੀ ਪਾਈ | ਉਨ੍ਹਾਂ ਨੇ ਦੱਸਿਆ ਕਿ ਆਧੁਨਿਕ ਟੈਕਨਾਲੋਜੀ ਦੇ ਸਹੀ ਉਪਯੋਗ ਨਾਲ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਦਿਲਚਸਪ ਬਣਾਇਆ ਜਾ ਸਕਦਾ ਹੈ | ਇਸ ਮੌਕੇ ਕੈਂਪਸ ਦੇ ਰਜਿਸਟਰਾਰ-ਕਮ-ਡਾਇਰੈਕਟਰ ਡਾ. ਐੱਸ. ਐੱਸ. ਬਿੰਦਰਾ ਨੇ ਕਿਹਾ ਕਿ ਡਿਜੀਟਲ ਯੁੱਗ ਵਿਚ ਈ-ਲਰਨਿੰਗ ਸਿਰਫ਼ ਇੱਕ ਵਿਕਲਪ ਨਹੀਂ ਰਹੀ, ਸਗੋਂ ਇਹ ਸਿੱਖਿਆ ਪ੍ਰਣਾਲੀ ਦਾ ਅਟੁੱਟ ਹਿੱਸਾ ਬਣ ਚੁੱਕੀ ਹੈ | ਡਾ. ਗੁਰਪ੍ਰੀਤ ਸਿੰਘ, ਗਰੁੱਪ ਡਾਇਰੈਕਟਰ ਅਕਾਦਮਿਕ ਨੇ ਕਿਹਾ ਕਿ ਇਸ ਮਾਹਿਰ ਲੈਕਚਰ ਦੇ ਆਯੋਜਨ ਦਾ ਮੁੱਖ ਮਕਸਦ ਫੈਕਲਟੀ ਮੈਂਬਰਾਂ ਨੂੰ ਈ-ਲਰਨਿੰਗ ਨਾਲ ਸੰਬੰਧਿਤ ਨਵੇਂ ਪੱਖਾਂ ਨਾਲ ਜਾਣੂੰ ਕਰਵਾਉਣਾ ਅਤੇ ਉਨ੍ਹਾਂ ਦੀਆਂ ਜਿਗਿਆਸਾਵਾਂ ਦਾ ਸਮਾਧਾਨ ਕਰਨਾ ਸੀ | ਪ੍ਰੋਗਰਾਮ ਦੇ ਅੰਤ ਵਿਚ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਕੁਆਰਡੀਨੇਟਰ ਭਵਨਪ੍ਰੀਤ ਕੌਰ ਨੇ ਮੁੱਖ ਵਕਤਾ, ਫੈਕਲਟੀ ਅਤੇ ਸਟਾਫ਼ ਦਾ ਧੰਨਵਾਦ ਕੀਤਾ | ਸੰਸਥਾ ਵਲੋਂ ਮੁੱਖ ਵਕਤਾ ਡਾ. ਕਨਵ ਖੇੜਾ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ |