17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਮਾਨਸਾ ’ਚ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਲਹਿਰਾਇਆ ਕੌਮੀ ਝੰਡਾ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਹੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ-ਡੀ. ਸੀ.

ਬਲਵਿੰਦਰ ਸਿੰਘ ਧਾਲੀਵਾਲ/ ਰਾਵਿੰਦਰ ਸਿੰਘ ਰਵੀ ਮਾਨਸਾ, 16 ਅਗਸਤ - ਜ਼ਿਲ੍ਹੇ ਭਰ ’ਚ 80ਵਾਂ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ।

ਮਾਨਸਾ ਵਿਖੇ ਸੱਭਿਆਚਾਰਕ ਵੰਨਗੀਆਂ ਪੇਸ਼ ਕਰਦੀਆਂ ਹੋਈਆਂ ਵਿਦਿਆਰਥਣਾਂ। ਤਸਵੀਰ : ਸੇਮੀ ਮਾਨਸਾ 17-08-2026
ਬਲਵਿੰਦਰ ਸਿੰਘ ਧਾਲੀਵਾਲ/ ਰਾਵਿੰਦਰ ਸਿੰਘ ਰਵੀ ਮਾਨਸਾ, 16 ਅਗਸਤ - ਜ਼ਿਲ੍ਹੇ ਭਰ ’ਚ 80ਵਾਂ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ। ਕੌਮੀ ਝੰਡਾ ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਅਦਾ ਕੀਤੀ। ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਭਗਤਾਂ ਦੀਆਂ ਲਾਸਾਨੀ ਸ਼ਹਾਦਤਾਂ ਕਰ ਕੇ ਸਾਡਾ ਮੁਲਕ ਆਜ਼ਾਦ ਹੋਇਆ ਹੈ ਅਤੇ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਆਜ਼ਾਦੀ ਸੰਘਰਸ਼ ’ਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਫ਼ੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ, ਸਾਬਕਾ ਫ਼ੌਜੀਆਂ ਦੀ ਭਲਾਈ ਲਈ ਦ੍ਰਿੜ੍ਹ ਸੰਕਲਪ ਹੈ, ਜਿਸ ਤਹਿਤ ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ। ਇਸ ਸਕੀਮ ਅਧੀਨ ਅਗਨੀ ਵੀਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਤੀਰਥ ਯੋਜਨਾ, ਪੰਜਾਬ ਸਿੱਖਿਆ ਕ੍ਰਾਂਤੀ, ਮੁੱਖ ਮੰਤਰੀ ਸਿਹਤ ਯੋਜਨਾ, ਮਾਵਾਂ-ਧੀਆਂ ਸਤਿਕਾਰ ਯੋਜਨਾ, ਸੀ.ਐਮ. ਦੀ ਯੋਗਸ਼ਾਲਾ, ਆਸ਼ੀਰਵਾਦ ਸਕੀਮ, ਮੇਰੀ ਰਸੋਈ ਸਕੀਮ, ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ, ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ, ਨਹਿਰੀ ਸਿੰਚਾਈ ’ਚ ਵੱਡਾ ਸੁਧਾਰ ਲਿਆਉਣ, ਵਪਾਰੀਆਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਤੇ ਮਸਲੇ ਹੱਲ ਕਰਨ ਲਈ ਕਾਰਜਸ਼ੀਲ ਟਰੇਡਰ ਕਮਿਸ਼ਨ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸਾਰਥਿਕ ਨਤੀਜਿਆਂ, ਸੜਕ ਸੁਰੱਖਿਆ ਫੋਰਸ, ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਚੁੱਕੇ ਜਾ ਰਹੇ ਕਦਮਾਂ, ਸੜਕਾਂ ਦੇ ਨਿਰਮਾਣ ਤੇ ਨਵੀਨੀਕਰਨ, ਪੇਂਡੂ ਯੋਜਨਾਵਾਂ, ਟਰਾਂਸਪੋਰਟ ਨਾਲ ਸਬੰਧਿਤ ਡਿਜੀਟਲ ਫੇਸਲੈੱਸ ਸੇਵਾਵਾਂ, ਪੰਜਾਬ ਸਰਕਾਰ ਤੁਹਾਡੇ ਦੁਆਰ ਸਕੀਮ, ਈਜ਼ੀ ਰਜਿਸਟਰੀ ਪ੍ਰੋਜੈਕਟ, ਪਿੰਡਾਂ ’ਚ ਛੱਪੜਾਂ ਦੀ ਸਾਫ-ਸਫਾਈ ਦੇ ਪ੍ਰੋਜੈਕਟਾਂ, ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਉਪਰਾਲਿਆਂ, ਰੰਗਲਾ ਪੰਜਾਬ ਵਿਕਾਸ ਸਕੀਮ ਅਤੇ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਆਨਲਾਈਨ ਢੰਗ ਨਾਲ ਹੱਲ ਕਰਨ ਸਮੇਤ ਪੰਜਾਬ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ’ਚ ਖੇਡਾਂ ਪ੍ਰਤੀ ਉਤਸ਼ਾਹ ਵਧਾਉਣ ਅਤੇ ਨੌਜਵਾਨਾਂ ਨੂੰ ਵਧੀਆ ਮੌਕੇ ਪ੍ਰਦਾਨ ਕਰਨ ਲਈ ਲਗਭਗ ਪੌਣੇ 6 ਕਰੋੜ ਦੀ ਲਾਗਤ ਨਾਲ 119 ਖੇਡ ਮੈਦਾਨ ਬਣਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਸਮਾਗਮ ਮੌਕੇ ਪਰੇਡ ਕਮਾਂਡਰ ਡੀ.ਐਸ.ਪੀ. ਪੁਸ਼ਪਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਅਨੁਸ਼ਾਸਿਤ ਫੋਰਸ ਦੇ ਜਵਾਨਾਂ ਸਮੇਤ ਵੱਖ-ਵੱਖ ਟੁਕੜੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਤੇ ਜੰਗੀ ਵਿਧਵਾਵਾਂ ਦਾ ਸਨਮਾਨ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਟਰਾਈ ਸਾਈਕਲ ਤੇ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ। ਵੱਖ-ਵੱਖ ਵਿਭਾਗਾਂ ਵਲੋਂ ਯੋਜਨਾਵਾਂ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਗਈਆਂ। ਸਕੂਲੀ ਵਿਦਿਆਰਥੀਆਂ ਨੇ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਜਿੰਦਰ ਸਿੰਘ, ਹਲਕਾ ਵਿਧਾਇਕ ਡਾ. ਵਿਜੈ ਸਿੰਗਲਾ, ਜ਼ਿਲ੍ਹਾ ਯੋਜਨਾ ਬੋਰਡ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਚੁਸ਼ਪਿੰਦਰਬੀਰ ਸਿੰਘ ਚਹਿਲ, ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ, ਵਧੀਕ ਡਿਪਟੀ ਕਮਿਸ਼ਨਰ (ਜ) ਪੂਨਮ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕ੍ਰਿਤਿਕਾ ਗੋਇਲ, ਐਸ.ਡੀ.ਐਮ. ਮਾਨਸਾ ਬਲਜੀਤ ਕੌਰ, ਨਗਰ ਕੌਂਸਲ ਦੇ ਪ੍ਰਧਾਨ ਭੂਸ਼ਣ ਮੱਤੀ, ਆਪ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਕੌਰ ਆਦਿ ਹਾਜ਼ਰ ਸਨ। ਭਾਰਤ ਵਿਕਾਸ ਪ੍ਰੀਸ਼ਦ ਵਲੋਂ ਆਜ਼ਾਦੀ ਸਮਾਰੋਹ ਮਨਾਇਆ ਗਿਆ ਸਥਾਨਕ ਅਨਾਜ ਮੰਡੀ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਆਜ਼ਾਦੀ ਦਿਵਸ ਸਮਾਰੋਹ ਮਨਾਇਆ ਗਿਆ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਅਤੇ ਸਭਿਆਚਾਰਕ ਰੰਗਾਂ ਨਾਲ ਭਰਪੂਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸ੍ਰੀ ਸਿੰਗਲਾ ਨੇ ਲੋਕਾਈ ਨੂੰ ਅਪੀਲ ਕੀਤੀ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ। ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਐਡਵੋਕੇਟ ਸੁਨੀਲ ਬਾਂਸਲ, ਜਨਰਲ ਸਕੱਤਰ ਡਾ. ਰਾਮ ਕ੍ਰਿਸ਼ਨ ਬਾਂਸਲ, ਖ਼ਜ਼ਾਨਚੀ ਐਡਵੋਕੇਟ ਸਵੀਟ ਸਿੰਗਲਾ, ਪ੍ਰੋਜੈਕਟ ਚੇਅਰਮੈਨ ਅਮਰਤਪਾਲ ਗੋਇਲ, ਪ੍ਰੋਜੈਕਟ ਕੋ-ਚੇਅਰਮੈਨ ਐਡਵੋਕੇਟ ਪ੍ਰਮੋਦ ਜਿੰਦਲ ਅਤੇ ਰਮੇਸ਼ ਮਿੱਤਲ ਆਦਿ ਹਾਜ਼ਰ ਸਨ। ਪੁਲਿਸ ਪੈਨਸ਼ਨਰਾਂ ਨੇ ਝੰਡਾ ਲਹਿਰਾਇਆ ਪੁਲਿਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਇਕਾਈ ਮਾਨਸਾ ਵਲੋਂ ਦਫ਼ਤਰ ਵਿਖੇ ਤਿਰੰਗਾ ਲਹਿਰਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਦੀਆਂ ਸ਼ਹਾਦਤਾਂ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵਲੋਂ ਝੰਡਾ ਲਹਿਰਾਇਆ ਗਿਆ। ਸਾਬਕਾ ਇੰਸਪੈਕਟਰ ਜਗਜੀਤ ਸਿੰਘ ਨੰਗਲ ਕਲਾਂ, ਅਮਰਜੀਤ ਸਿੰਘ ਭਾਈਰੂਪਾ ਆਦਿ ਹਾਜ਼ਰ ਸਨ। ਨਗਰ ਕੌਂਸਲ ਮਾਨਸਾ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਨਗਰ ਕੌਂਸਲ ਮਾਨਸਾ ਵਿਖੇ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਤਿਰੰਗਾ ਲਹਿਰਾਉਣ ਦੀ ਰਸਮ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਅਤੇ ਕੌਂਸਲ ਪ੍ਰਧਾਨ ਭੂਸ਼ਣ ਮੱਤੀ ਵਲੋਂ ਸਾਂਝੇ ਤੌਰ ’ਤੇ ਨਿਭਾਈ ਗਈ। ਉਨ੍ਹਾਂ ਕਿਹਾ ਕਿ ਦੇਸ਼ ਭਗਤਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇੱਕਜੁੱਟ ਹੋ ਕੇ ਸਾਂਝੇ ਯਤਨ ਜੁਟਾਉਣ ਦੀ ਲੋੜ ਹੈ। ਇਸ ਮੌਕੇ ਕੌਂਸਲ ਦੇ ਉਪ ਪ੍ਰਧਾਨ ਕ੍ਰਿਸ਼ਨ ਕੁਮਾਰ, ਕੌਂਸਲਰ ਕੁਲਵਿੰਦਰ ਕੌਰ ਮਹਿਤਾ, ਕੌਂਸਲਰ ਅਸ਼ੋਕ ਸਪੋਲੀਆ ਆਦਿ ਹਾਜ਼ਰ ਸਨ। ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਰੋਟਰੀ ਕਲੱਬ ਮਾਨਸਾ ਰਾਇਲ ਅਤੇ ਗਊਸ਼ਾਲਾ ਭਵਨ ਚੈਰੀਟੇਬਲ ਟਰੱਸਟ ਵਲੋਂ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਪਰਮਿੰਦਰ ਗੋਇਲ ਅਤੇ ਲਾਲਾ ਰੌਸ਼ਨ ਲਾਲ ਗਰਗ ਵਲੋਂ ਸਾਂਝੇ ਤੌਰ ’ਤੇ ਨਿਭਾਈ ਗਈ। ਕਲੱਬ ਦੇ ਮੁੱਖ ਸਲਾਹਕਾਰ ਪ੍ਰੇਮ ਅਗਰਵਾਲ ਨੇ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਨੂੰ ਕਾਇਮ ਰੱਖਣਾ ਸਭਨਾਂ ਦਾ ਨੈਤਿਕ ਫ਼ਰਜ਼ ਹੈ। ਇਸ ਮੌਕੇ ਰਮੇਸ਼ ਜਿੰਦਰ, ਰਾਕੇਸ਼ ਸੇਠੀ ਆਦਿ ਹਾਜ਼ਰ ਸਨ। ਨਗਰ ਕੌਂਸਲ ਬਰੇਟਾ ਵਿਖੇ ਪ੍ਰਧਾਨ ਸੰਦੀਪ ਸਿੰਘ ਬੱਗਾ ਨੇ ਲਹਿਰਾਇਆ ਕੌਮੀ ਤਿਰੰਗਾ ਬਰੇਟਾ ਤੋਂ ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ ਅਨੁਸਾਰ- ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਆਜ਼ਾਦੀ ਦਿਹਾੜੇ ਸੰਬੰਧੀ ਕਰਵਾਏ ਗਏ ਸਮਾਗਮ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਸੰਦੀਪ ਸਿੰਘ ਬੱਗਾ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ। ਸਕੂਲੀ ਵਿਦਿਆਰਥੀਆਂ ਨੇ ਰਾਸ਼ਟਰੀ ਗੀਤ ਗਾਇਆ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਬਣਾਉਣ ਲਈ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ। ਅਕਾਲ ਅਕੈਡਮੀ ਮੰਡੇਰ ਵਿਖੇ ਆਜ਼ਾਦੀ ਦਿਵਸ ਮਨਾਇਆ ਅਕਾਲ ਅਕੈਡਮੀ ਮੰਡੇਰ ਵਿਖੇ ਭਾਰਤ ਦਾ 80ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ, ਦੇਸ਼-ਭਗਤੀ ਅਤੇ ਗੌਰਵਮਈ ਮਾਹੌਲ ’ਚ ਮਨਾਇਆ ਗਿਆ। ਇਸ ਦੌਰਾਨ ਆਜ਼ਾਦੀ ਦੇ ਮਹੱਤਵ ਨੂੰ ਯਾਦ ਕਰਨ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਅਤੇ ਕੁਦਰਤੀ ਹਰਿਆਲੀ ਨੂੰ ਵਧਾਉਣ ਦਾ ਸੰਦੇਸ਼ ਵੀ ਦਿੱਤਾ ਗਿਆ। ਕੌਮੀ ਝੰਡਾ ਲਹਿਰਾਉਣ ਦੀ ਰਸਮ ਸਰਪੰਚ ਹਰਦੀਪ ਕੌਰ ਵਲੋਂ ਨਿਭਾਈ ਗਈ। ਵਿਦਿਆਰਥੀਆਂ ਵਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ। ਅਕੈਡਮੀ ਵਿਖੇ ਵੱਖ-ਵੱਖ ਤਰ੍ਹਾਂ ਦੇ 250 ਬੂਟੇ ਲਗਾਏ ਗਏ। ਬੁਢਲਾਡਾ ਵਿਖੇ ਧੂਮ-ਧਾਮ ਨਾਲ ਮਨਾਇਆ ਸੁਤੰਤਰਤਾ ਦਿਵਸ ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਸਬ ਡਵੀਜਨ ਪੱਧਰੀ ਆਜ਼ਾਦੀ ਦਿਵਸ ਸਮਾਗਮ ਮੌਕੇ ਇੱਥੇ ਝੰਡਾ ਲਹਿਰਾਉਣ ਦੀ ਰਸਮ ਐਸ.ਡੀ.ਐਮ. ਬੁਢਲਾਡਾ ਗੁਰਮੀਤ ਕੁਮਾਰ ਨੇ ਨਿਭਾਈ। ਹਲਕਾ ਵਿਧਾਇਕ ਬੁੱਧ ਰਾਮ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪੁਲਿਸ ਟੁਕੜੀ ਅਤੇ ਐਨ.ਸੀ.ਸੀ. ਕੈਡਿਟਾਂ ਵਲੋਂ ਤਿਰੰਗੇ ਝੰਡੇ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਸੁਤੰਤਰਤਾ ਸੈਨਾਨੀਆਂ, ਸ਼ਹੀਦ ਜਵਾਨਾਂ ਦੇ ਪਰਿਵਾਰਾਂ ਅਤੇ ਵੱਖ-ਵੱਖ ਖੇਤਰਾਂ ’ਚ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਡੀ.ਐਸ.ਪੀ. ਬੁਢਲਾਡਾ ਸਿਕੰਦਰ ਸਿੰਘ ਚੀਮਾ ਆਦਿ ਹਾਜ਼ਰ ਸਨ। ਕ੍ਰਿਸ਼ਨਾ ਕਾਲਜ ਰੱਲੀ ਵਿਖੇ ਸੁਤੰਤਰਤਾ ਦਿਵਸ ਮਨਾਇਆ ਕ੍ਰਿਸ਼ਨਾ ਗਰੁੱਪ ਆਫ਼ ਇੰਸਟੀਚਿਊਟ ਵਿਖੇ ਸੁਤੰਤਰਤਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਿੰਸੀਪਲ ਪ੍ਰਮੋਦ ਸਿੰਘ ਪਟਿਆਲ, ਮੁੱਖ ਮਹਿਮਾਨ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ, ਚੇਅਰਮੈਨ ਸੁਖਵਿੰਦਰ ਸਿੰਘ ਚਹਿਲ ਅਤੇ ਪ੍ਰੀਤ ਇੰਦਰ ਸਿੰਘ ਚਹਿਲ ਨੇ ਸਾਂਝੇ ਤੌਰ ’ਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸਕੱਤਰ ਸੱਤਪਾਲ ਸਿੰਘ ਚਹਿਲ, ਪ੍ਰਧਾਨ ਡਾ. ਵਿਜੇ ਸਿੰਗਲਾ, ਸੁਰਿੰਦਰ ਸਿੰਘ ਕਟੌਦੀਆ, ਪ੍ਰੋਫੈਸਰ ਕੁਲਦੀਪ ਸਿੰਘ ਆਦਿ ਹਾਜ਼ਰ ਸਨ। ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਆਜ਼ਾਦੀ ਦਿਵਸ ਮਨਾਇਆ ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਤਿਰੰਗਾ ਲਹਿਰਾਉਣ ਅਤੇ ਰਾਸ਼ਟਰੀ ਗੀਤ ਉਪਰੰਤ ਪਰੇਡ ਨਾਲ ਹੋਈ। ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਅਤੇ ਭਾਸ਼ਣ ਪੇਸ਼ ਕੀਤੇ ਗਏ। ਕਾਲਜ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਜਿੰਦਲ ਇੰਟਰਨੈਸ਼ਨਲ ਸਕੂਲ ਵਿਖੇ ਸਮਾਗਮ ਕਰਵਾਇਆ ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਵਿਖੇ ਆਜ਼ਾਦੀ ਦਿਵਸ ਦੇਸ਼ ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ। ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਭਰਪੂਰ ਗੀਤ, ਕਵਿਤਾਵਾਂ, ਭਾਸ਼ਣ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਪ੍ਰਿੰਸੀਪਲ ਰਾਜਨ ਖੁਰਾਣਾ ਨੇ ਕਿਹਾ ਕਿ ਆਜ਼ਾਦੀ ਸੈਨਾਨੀਆਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਡਾਇਟ ’ਚ ਡਾ. ਬੂਟਾ ਸਿੰਘ ਸੇਖੋਂ ਨੇ ਝੰਡਾ ਲਹਿਰਾਇਆ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਸੁਤੰਤਰਤਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਸੰਸਥਾ ਮੁਖੀ ਡਾ. ਬੂਟਾ ਸਿੰਘ ਸੇਖੋਂ ਨੇ ਤਿਰੰਗਾ ਝੰਡਾ ਲਹਿਰਾਇਆ। ਉਨ੍ਹਾਂ ਕਿਹਾ ਕਿ ਕੁਰਬਾਨੀਆਂ ਨਾਲ ਹਾਸਿਲ ਕੀਤੀ ਆਜ਼ਾਦੀ ਦੇ ਮੁੱਲਾਂ ਨੂੰ ਬਣਾ ਕੇ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਭਨਾਂ ਨੂੰ ਮਿਹਨਤ, ਇਮਾਨਦਾਰੀ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ। ਡਾ. ਅੰਗਰੇਜ਼ ਸਿੰਘ ਵਿਰਕ, ਲੈਕਚਰਾਰ ਸਰੋਜ ਰਾਣੀ, ਬਲਵਿੰਦਰ ਸਿੰਘ ਬਾਘਾ, ਪ੍ਰਸ਼ੋਤਮ ਸਿੰਘ, ਸਤਨਾਮ ਸਿੰਘ, ਬਲਦੇਵ ਪ੍ਰਕਾਸ਼ ਸਿੰਗਲਾ, ਡਾ. ਗੁਰਪ੍ਰੀਤ ਕੌਰ, ਜਸਪਾਲ ਕੌਰ, ਹਰਵਿੰਦਰ ਕੌਰ, ਮਗਿੰਦਰਜੀਤ ਸਿੰਘ, ਕੇਤਨ ਕੁਮਾਰ, ਮਲਕੀਤ ਸਿੰਘ ਹਾਜ਼ਰ ਸਨ। ਬ੍ਰਹਮਾ ਕੁਮਾਰੀਜ਼ ਈਸ਼ਵਰੀਆ ਵਿਸ਼ਵ ਵਿਦਿਆਲਿਆ ਵਿਖੇ ਸੁਤੰਤਰਤਾ ਦਿਵਸ ਮਨਾਇਆ ਸਰਦੂਲਗੜ੍ਹ ਤੋਂ ਜੀ.ਐਮ. ਅਰੋੜਾ ਅਨੁਸਾਰ- ਪ੍ਰਜਾਪਿਤਾ ਬ੍ਰਹਮਾ ਕੁਮਾਰੀਜ ਈਸ਼ਵਰੀਆ ਵਿਸ਼ਵ ਵਿਦਿਆਲਿਆ ਦੇ ਸੇਵਾ ਕੇਂਦਰ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ। ਸਮੂਹ ਭਾਈ ਭੈਣਾਂ ਅਤੇ ਸ਼ਹਿਰ ਨਿਵਾਸੀਆਂ ਵਲੋਂ ਮਿਲ ਕੇ ਰਾਸ਼ਟਰੀ ਝੰਡਾ (ਤਿਰੰਗਾ) ਲਹਿਰਾਇਆ ਗਿਆ। ਰਾਸ਼ਟਰੀ ਗੀਤ ਗਾ ਕੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸੰਚਾਲਕਾ ਬ੍ਰਹਮਾ ਕੁਮਾਰੀ ਨੀਤੂ ਦੀਦੀ ਜੀ ਨੇ ਸੁਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਅਧਿਆਤਮਿਕ ਸੰਦੇਸ਼ ਦਿੱਤਾ। ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸੁਤੰਤਰਤਾ ਦਿਵਸ ਮਨਾਇਆ ਭੀਖੀ ਤੋਂ ਬਲਕਾਰ ਸਿੰਘ ਸਹੋਤਾ ਅਨੁਸਾਰ- ਸਰਵਹਿੱਤਕਾਰੀ ਵਿੱਦਿਆ ਮੰਦਰ (ਸੀ.ਬੀ.ਐਸ.ਈ.) ਭੀਖੀ ਵਿਖੇ ਆਜ਼ਾਦੀ ਦਿਵਸ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ, ਵਾਈਸ ਪ੍ਰਿੰਸੀਪਲ ਹਰਸ਼ ਦੇਵ ਦੀ ਅਗਵਾਈ ਵਿਚ ਅਤੇ ਸਮੂਹ ਸਟਾਫ਼ ਵੱਲੋਂ ਤਿਰੰਗਾ ਲਹਿਰਾਉਣ ਉਪਰੰਤ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ। 9ਵੀਂ ਜਮਾਤ ਦੀ ਗਾਈਡ ਵਿਦਿਆਰਥਣ ਭੁਪਿੰਦਰ ਕੌਰ ਵੱਲੋਂ ਸੁਤੰਤਰਤਾ ਦਿਵਸ ਨਾਲ ਸੰਬੰਧਿਤ ਪ੍ਰਭਾਵਸ਼ਾਲੀ ਭਾਸ਼ਣ ਪੇਸ਼ ਕੀਤਾ ਗਿਆ। ਸ਼ਿਸ਼ੂ ਵਾਟਿਕਾ ਦੇ ਨੰਨ੍ਹ-ਮੁੰਨੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਭਰਪੂਰ ਗਤੀਵਿਧੀਆਂ ਰਾਹੀਂ ਮਹਾਨ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਨੈਸ਼ਨਲ ਕਾਲਜ ਭੀਖੀ ਵਿਖੇ ਮਨਾਇਆ ਆਜ਼ਾਦੀ ਦਿਹਾੜਾ ਨੈਸ਼ਨਲ ਕਾਲਜ ਭੀਖੀ ਵਿਖੇ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋ ਗੁਰਤੇਜ ਸਿੰਘ ਤੇਜੀ ਵਲੋਂ ਕੌਮੀ ਝੰਡਾ ਲਹਿਰਾਉਣ ਨਾਲ ਹੋਈ। ਵਿਦਿਆਰਥੀਆਂ ਨੇ ਰਾਸ਼ਟਰੀ ਗੀਤ ਗਾਇਆ। ਵਿਦਿਆਰਥੀਆਂ ਵੱਲੋਂ ਦੇਸ਼-ਭਗਤੀ ਦੇ ਗੀਤ, ਭਾਸ਼ਣ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ, ਪ੍ਰਿੰਸੀਪਲ ਡਾ ਐੱਮ ਕੇ ਮਿਸ਼ਰਾ ਨੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸਰਦੂਲਗੜ੍ਹ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਸਰਦੂਲਗੜ੍ਹ ਤੋਂ ਜੀ.ਐਮ. ਅਰੋੜਾ ਅਨੁਸਾਰ- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਐਸ.ਡੀ.ਐਮ. ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ ਨੇ ਅਦਾ ਕੀਤੀ। ਇਸ ਉਪਰੰਤ ਉਨ੍ਹਾਂ ਪਰੇਡ ਤੋਂ ਸਲਾਮੀ ਵੀ ਲਈ। ਸਮਾਗਮ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ, ਸਮਾਜ ਸੇਵਕਾਂ ਅਤੇ ਸਰਕਾਰੀ ਦਫ਼ਤਰਾਂ ’ਚ ਵਧੀਆ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਾਰਜ ਸਾਧਕ ਅਫ਼ਸਰ ਸਮੀਰ ਅਹਿਮਦ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਸਰਦੂਲਗੜ੍ਹ, ਨਗਰ ਪੰਚਾਇਤ ਦੀ ਪ੍ਰਧਾਨ ਵੀਨਾ ਰਾਣੀ, ਉਪ ਪ੍ਰਧਾਨ ਸੁਖਜੀਤ ਸਿੰਘ ਬੱਬਰ, ਪ੍ਰੇਮ ਕੁਮਾਰ ਗਰਗ, ਪੰਕਜ ਕੁਮਾਰ ਟਾਟਾ, ਬਿਰਸ਼ਾ ਸਿੰਘ, ਐਸ.ਡੀ.ਓ. ਮਨਜੀਤ ਸਿੰਘ, ਗੁਰਨਾਮ ਸਿੰਘ ਆਦਿ ਹਾਜ਼ਰ ਸਨ। ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਨੇ ਸੁਤੰਤਰਤਾ ਦਿਵਸ ਮਨਾਇਆ ਮਾਨਸਾ-ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਵਲੋਂ ਸੁਤੰਤਰਤਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਕਲੱਬ ਦੀ ਇਮਾਰਤ ’ਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਪ੍ਰਵੀਨ ਗੋਇਲ ਵਲੋਂ ਅਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸੁਤੰਤਰਤਾ ਸੰਗਰਾਮੀਆਂ ਦੀ ਲਾਸਾਨੀ ਸ਼ਹਾਦਤ ਸਦਕਾ ਹੀ ਅਸੀਂ ਆਜ਼ਾਦ ਫ਼ਿਜ਼ਾ ’ਚ ਸਾਹ ਲੈ ਰਹੇ ਹਾਂ। ਚੇਅਰਮੈਨ ਅਸ਼ੋਕ ਗਰਗ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਦੇਸ਼ ਦੇ ਇਤਿਹਾਸ ਅਤੇ ਮਹਾਨ ਸ਼ਹੀਦਾਂ ਬਾਰੇ ਦੱਸਣਾ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਮੌਕੇ ਪ੍ਰੇਮ ਕੁਮਾਰ, ਵਰੁਣ ਬਾਂਸਲ ਬੀਨੂ, ਰਾਜਕੁਮਾਰ ਰਾਜੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਮਿਊਨਿਟੀ ਹੈਲਥ ਸੈਂਟਰ ਖ਼ਿਆਲਾ ਕਲਾਂ ਨੂੰ ਟਰੋਮਾ ਸੈਂਟਰ ਬਣਾਉਣ ਦਾ ਮਾਮਲਾ ਭਖਿਆ ਅਗਲੀ ਖ਼ਬਰ ਹੌਲਦਾਰ ਰਮਨਪ੍ਰੀਤ ਸਿੰਘ ਬੁਢਲਾਡਾ ‘ਮੁੱਖ ਮੰਤਰੀ ਮੈਡਲ’ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।