ਭੀਖੀ, 29 ਜਨਵਰੀ (ਬਲਕਾਰ ਸਿੰਘ ਸਹੋਤਾ)- ਸਥਾਨਕ ਕਸਬੇ 'ਚ ਪੁਲਿਸ ਵਲੋਂ ਨਗਰ ਪੰਚਾਇਤ ਦੇ ਸਹਿਯੋਗ ਨਾਲ ਧਨੌਲਾ ਰੋਡ 'ਤੇ ਵਨ-ਵੇਅ ਟਰੈਫ਼ਿਕ ਚਾਲੂ ਤਾਂ ਕਰ ਦਿੱਤੀ ਗਈ ਪਰ ਇਸ ਸੜਕ 'ਤੇ ਦੁਕਾਨਦਾਰਾਂ ਵਲੋਂ ਕੀਤੇ ਨਜਾਇਜ਼ ਕਬਜ਼ਿਆਂ ਅਤੇ ਬੇਤਰਤੀਬ ਪਾਰਕਿੰਗ 'ਤੇ ਉਨ੍ਹਾਂ ਦੀ ਹਾਲੇ ਸਵੱਲੀ ਨਜ਼ਰ ਨਹੀਂ ਪਈ | ਦੂਸਰੇ ਪਾਸੇ ਜਿਸ ਸੜਕ 'ਤੇ ਬੱਸ ਅੱਡੇ ਤੋਂ ਬਰਨਾਲਾ ਰੋਡ ਤੱਕ ਦਾ ਬਦਲਵਾਂ ਪ੍ਰਬੰਧ ਕੀਤਾ ਹੈ, ਦੇ ਹਾਲਾਤ ਬਹੁਤ ਮੰਦੇ ਹਨ | ਜ਼ਿਕਰਯੋਗ ਹੈ ਕਿ ਭੀਖੀ-ਬਰਨਾਲਾ ਰੋਡ ਹਰਿਆਣਾ ਦੇ ਹਿਸਾਰ, ਫ਼ਤਿਹਾਬਾਦ, ਰਤੀਆ ਆਦਿ ਸ਼ਹਿਰਾਂ ਨੂੰ ਲੁਧਿਆਣਾ ਨਾਲ ਜੋੜਨ ਦਾ ਸਿੱਧਾ ਅਤੇ ਮੁੱਖ ਰਸਤਾ ਹੈ, ਜਿਸ ਕਰ ਕੇ ਅਕਸਰ ਇੱਥੋਂ ਭਾਰੀ ਵਾਹਨਾਂ ਦੇ ਨਾਲ-ਨਾਲ ਮਰੀਜ਼ਾਂ ਨੂੰ ਇਲਾਜ ਲਈ ਲੁਧਿਆਣਾ ਲਿਜਾਣ ਵਾਲੀਆਂ ਐਂਬੂਲੈਂਸਾਂ ਵੀ ਲੰਘਦੀਆਂ ਹਨ, ਪ੍ਰਤੀ ਉਚੇਚੇ ਧਿਆਨ ਦੀ ਜ਼ਰੂਰਤ ਹੈ | ਵਨ-ਵੇਅ ਟਰੈਫ਼ਿਕ ਤਦ ਹੀ ਸਹੂਲਤਪੂਰਨ ਲਗਦੀ ਸੀ ਜੇਕਰ ਬੱਸ ਸਟੈਂਡ ਤੋਂ ਬਰਨਾਲਾ ਰੋਡ ਨੂੰ ਮਿਲਾਉਣ ਵਾਲੀ ਸੜਕ ਦਾ ਮੁੜ ਨਿਰਮਾਣ ਹੁੰਦਾ | ਮੌਕੇ 'ਤੇ ਇਹ ਸੜਕ ਟੋਏ ਟਿੱਬਿਆਂ ਵਾਲਾ ਰਸਤਾ ਹੈ | ਜਿਸ ਕਾਰਨ ਭਾਰੀ ਵਾਹਨਾਂ ਨਾਲ ਕਿਸੇ ਸਮੇਂ ਵੀ ਕੋਈ ਦੁਰਘਟਨਾ ਵਾਪਰ ਸਕਦੀ ਹੈ | ਦੂਸਰੇ ਪਾਸੇ ਨਗਰ ਪੰਚਾਇਤ ਪ੍ਰਸ਼ਾਸਨ 'ਚ ਇੱਛਾ ਸ਼ਕਤੀ ਦੀ ਕਮੀ ਕਾਰਨ ਬਰਨਾਲਾ ਰੋਡ ਤੋਂ ਦੁਕਾਨਦਾਰਾਂ ਦੇ ਕੀਤੇ ਨਜਾਇਜ਼ ਕਬਜ਼ੇ ਰਾਹਗੀਰਾਂ ਲਈ ਹਾਲੇ ਵੀ ਸਮੱਸਿਆ ਦਾ ਮੁੱਖ ਕਾਰਨ ਹਨ | ਨਗਰ ਪੰਚਾਇਤ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜੇਕਰ ਸ਼ਹਿਰ 'ਚ ਸੁਚਾਰੂ ਆਵਾਜਾਈ ਚਾਹੀਦੀ ਹੈ ਤਾਂ ਉਹ ਤੁਰੰਤ ਬਰਨਾਲਾ ਰੋਡ 'ਤੇ ਦੁਕਾਨਦਾਰਾਂ ਵਲੋਂ ਕੀਤੇ ਨਜਾਇਜ਼ ਕਬਜ਼ੇ ਹਟਾਉਣ ਅਤੇ ਨਾਲ ਹੀ ਬੱਸ ਸਟੈਂਡ ਤੋਂ ਲੈ ਕੇ ਬਰਨਾਲਾ ਰੋਡ ਬਾਈਪਾਸ ਦੀ ਮੁੜ ਉਸਾਰੀ ਲਈ ਢੁਕਵੇਂ ਫ਼ੰਡਾਂ ਦਾ ਬੰਦੋਬਸਤ ਕਰਨ |